8 ਜੁਲਾਈ ਨੂੰ ਪੈਟਰੌਲ, ਡੀਜ਼ਲ ਤੇ ਰਸੋਈ ਗੈਸ ਦੀ ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਜਮਹੂਰੀ ਕਾਰਕੁੰਨ ਸਟੇਨ ਸਵਾਮੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪ੍ਰਦੀਪ ਕਸਬਾ , ਬਰਨਾਲਾ: 06 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 279 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਦਾ ਅੰਕੜਾ ਪਾਰ ਚੁੱਕਿਆ ਹੈ ਅਤੇ ਡੀਜ਼ਲ ਦੀ ਕੀਮਤ ਵੀ ਇਸ ਅੰਕੜੇ ਦੇ ਆਸ ਪਾਸ ਹੀ ਹੈ। ਗੈਸ ਸਲੰਡਰ 900 ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ।ਕਿਸਾਨ ਮੋਰਚਾ 8 ਜੁਲਾਈ ਨੂੰ ਪੈਟਰੌਲ, ਡੀਜ਼ਲ ਤੇ ਰਸੋਈ ਗੈਸ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।10 ਵਜੇ ਤੋਂ 12 ਵਜੇ ਤੱਕ ਕੀਤੇ ਜਾਣ ਵਾਲੇ ਇਸ ਪ੍ਰਦਰਸ਼ਨ ਦੌਰਾਨ ਸੜਕੀ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ।
ਅੱਜ ਧਰਨੇ ਵਿੱਚ ਉਘੇ ਜਮਹੂਰੀ ਕਾਰਕੁੰਨ ਸਟੇਨ ਸਵਾਮੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਗੁਰਨਾਮ ਸਿੰਘ ਠੀਕਰਾਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਗੋਰਾ ਸਿੰਘ ਢਿੱਲਵਾਂ, ਗੁਰਦਰਸ਼ਨ ਸਿੰਘ ਦਿਉਲ, ਅਮਰਜੀਤ ਕੌਰ, ਜਸਵੀਰ ਸਿੰਘ ਖੇੜੀ, ਬਲਵੀਰ ਕੌਰ ਕਰਮਗੜ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਸਾਡੀ ਬੀਜੇਪੀ ਦੇ ਕਿਸੇ ਵੀ ਨੇਤਾ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਬੀਜੇਪੀ ਨੇਤਾ ਆਪਣੇ ਕਾਰੋਬਾਰ ਤੇ ਖੇਤੀ ਬੇਖੌਫ ਹੋ ਕੇ ਚਲਾ ਰਹੇ ਹਨ। ਅਸੀਂ ਉਨ੍ਹਾਂ ਦੇ ਕਾਰੋਬਾਰਾਂ ਵਿੱਚ ਕੋਈ ਵਿਘਨ ਨਹੀਂ ਪਾ ਰਹੇ ਅਤੇ ਨਾ ਹੀ ਪਾਵਾਂਗੇ। ਪਰ ਕੁੱਝ ਬੀਜੇਪੀ ਨੇਤਾ ਆਪਣੀ ਹੰਕਾਰ ਭਰੀ ਤੇ ਕੁਰੱਖਤ ਬੋਲ-ਬਾਣੀ ਕਾਰਨ ਕਿਸਾਨਾਂ ਨਾਲ ਨਿੱਜੀ ਦੁਸ਼ਮਣੀ ਪਾਲ ਰਹੇ ਹਨ। ਕਿਸਾਨਾਂ ਵਿਰੁੱਧ ਘਟੀਆ ਸ਼ਬਦਾਵਲੀ ਬੋਲ ਕੇ ਉਹ ਕਿਸਾਨਾਂ ਨੂੰ ਵੰਗਾਰ ਰਹੇ ਹਨ। ਜਿਹੜਾ ਨੇਤਾ ਸਾਨੂੰ ਗਾਲਾਂ ਕੱਢੂਗਾ, ਸਾਡੀਆਂ ਮਾਵਾਂ-ਭੈਣਾਂ ਬਾਰੇ ਘਟੀਆ ਸ਼ਬਦਾਵਲੀ ਵਰਤੇਗਾ,ਉਹ ਸਾਥੋਂ ਸ਼ਿਸਟਾਚਾਰ ਦੀ ਉਮੀਦ ਨਾ ਰੱਖੇ। ਅਜਿਹੇ ਬੜਬੋਲੇ ਨੇਤਾਵਾਂ ਦੀ ਵੰਗਾਰ ਨੂੰ ਸਵੀਕਾਰ ਕਰ ਕੇ ਹੀ ਉਨ੍ਹਾਂ ਦੀ ਜ਼ਮੀਨ ਉਪਰ ਕਾਸ਼ਤ ਕਰਨ ਵਾਲਿਆਂ ਨੂੰ ਕਿਸਾਨ- ਦੋਖੀ ਸਮਝਣ ਦਾ ਫੈਸਲਾ ਕੀਤਾ ਹੈ। ਕਿਸਾਨ ਅੰਦੋਲਨ ਦੇ ਦੋਖੀਆਂ ਨਾਲ ਅਸੀਂ ਦੋਖੀਆਂ ਵਾਲਾ ਹੀ ਸਲੂਕ ਕਰਾਂਗੇ।
ਅੱਜ ਧਰਨੇ ਵਿਚ ਜਗਰੂਪ ਸਿੰਘ ਠੁੱਲੀਵਾਲ ਨੇ ਕਵੀਸ਼ਰੀ ਰਾਹੀਂ ਰੰਗ ਬੰਨਿਆ।