ਸਿਵਲ ਹਸਪਤਾਲ ਪਾਰਕ ਵਿੱਚ ਹੋਈ ਮਾਸ/ਵੱਡੀ ਮੀਟਿੰਗ, ਸੈਕੜੇ ਆਗੂਆਂ ਕੀਤੀ ਸ਼ਮੂਲੀਅਤ
ਪ੍ਰਦੀਪ ਕਸਬਾ , ਬਰਨਾਲਾ 6 ਜੁਲਾਈ 2021
ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਵੱਲੋਂ ਮੌਜੂਦਾ ਸਿਵਲ ਹਸਪਤਾਲ ਨੂੰ ਜਿਲ੍ਹਾ ਹਸਪਤਾਲ ਦਾ ਦਰਜਾ ਦਿਵਾਕੇ ਇਸੇ ਹੀ ਥਾਂ ਬਹੁਮੰਜਲੀ ਇਮਾਰਤ ਦੀ ਉਸਾਰੀ ਕਰਵਾਉਣ ਲਈ ਸੰਘਰਸ਼ ਜਾਰੀ ਹੈ। ਸੰਘਰਸ਼ ਦੇ ਪਹਿਲੇ ਪੜਾਅ ਵਜੋਂ ਅੱਜ ਸਾਰੀਆਂ ਹੀ ਜਨਤਕ ਜਮਹੂਰੀ ਜਥੇਬੰਦੀਆਂ, ਸ਼ਹਿਰੀ ਸਮਾਜ ਸੇਵੀ ਸੰਸਥਾਵਾਂ ਦੀ ਸਾਂਝੀ ਮਾਸ/ਵੱਡੀ ਖੁੱਲੀ ਮੀਟਿੰਗ ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਨਰਾਇਣ ਦੱਤ, ਗੁਰਦੇਵ ਸਿੰਘ ਮਾਂਗੇਵਾਲ, ਕੁਲਵੰਤ ਰਾਏ, ਗੁਰਪ੍ਰੀਤ ਸਿੰਘ ਰੂੜੇਕੇ, ਕਮਲਜੀਤ ਕੌਰ ਪੱਤੀ, ਡਾ ਕਮਲਜੀਤ ਸਿੰਘ ਬਾਜਵਾ, ਨਰੇਸ਼ ਕੁਮਾਰ ਅਰੋੜਾ, ਨਰੇਸ਼ ਸ਼ਰਮਾ, ਸੋਹਣ ਸਿੰਘ ਮਾਝੀ, ਜਗਰਾਜ ਸਿੰਘ ਟੱਲੇਵਾਲ, ਸੁਖਜੰਟ ਸਿੰਘ ਅਤੇ ਖੁਸ਼ੀਆ ਸਿੰਘ ਨੇ ਜੋਰਦਾਰ ਮੰਗ ਕੀਤੀ ਕਿ ਸਿਵਲ ਹਸਪਤਾਲ ਨੂੰ ਇਸੇ ਹੀ ਥਾਂ ਅਪਗ੍ਰੇਡ ਕਰਵਾਕੇ ਬਹੁਮੰਜਲਾ ਇਮਾਰਤ ਬਣਾਕੇ ਲੋਕਾਂ ਦੀ ਸਿਹਤ ਲਈ ਬਣਦੀਆਂ ਬੁਨਿਆਦੀ ਲੋੜਾਂ ਦਾ ਪ੍ਰਬੰਧ ਕੀਤਾ ਜਾਵੇ।ਕਿਉਂਕਿ ਪੂਰੇ ਸ਼ਹਿਰ ਬਰਨਲਾ ਦੀ ਤਕਰੀਬਨ 2.50 ਲੱਖ ਵਸੋਂ ਅਤੇ ਪੂਰੇ ਬਰਨਾਲਾ ਜਿਲ੍ਹੇ ਦੀ 6 ਲੱਖ ਦੇ ਕਰੀਬ ਵਸੋਂ ਲਈ ਇੱਕੋ ਇੱਕ ਸਰਕਾਰੀ ਹਸਪਤਾਲ ਹੈ, ਜਿੱਥੋਂ ਹਜਾਰਾਂ ਲੋਕ ਰੋਜਾਨਾ ਸਸਤੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਹਾਸਲ ਕਰਦੇ ਹਨ।
ਬਰਨਾਲਾ ਜਿਲ੍ਹੇ ਬਣੇ ਨੂੰ 16 ਸਾਲ ਦਾ ਲੰਬਾ ਅਰਸਾ ਬੀਤ ਜਾਣ ਬਾਅਦ ਵੀ ਜਿਲ੍ਹਾ ਹਸਪਤਾਲ ਦਾ ਦਰਜਾ ਦੇ ਕੇ ਅਪਗ੍ਰੇਡ ਨਾਂ ਕਰਨਾ ਸਰਕਾਰਾਂ/ਪ੍ਰਸ਼ਾਸ਼ਨ ਦੀ ਬੇਧਿਆਨੀ ਦਾ ਹੀ ਸਿੱਟਾ ਹੈ।ਸਰਕਾਰ/ਪ੍ਰਸ਼ਾਸ਼ਨ ਦਾ ਧਿਆਨ ਲੋਕਾਂ ਦੇ ਇਸ ਬੁਨਿਆਦੀ ਮੁੱਦੇ ਵੱਲ ਦਿਵਾਉਣ ਲਈ ਕਮੇਟੀ ਦਾ ਇਹ ਮੁੱਢਲਾ ਉਪਰਾਲਾ ਹੈ। ਆਉਣ ਵਾਲੇ ਸਮੇਂ ਵਿੱਚ ਕਮੇਟੀ ਜਲਦ ਹੀ ਮੀਟਿੰਗ ਕਰਕੇ ਸੰਘਰਸ਼ ਦਾ ਅਗਲਾ ਸੱਦਾ ਦੇਵੇਗੀ। ਕਮੇਟੀ ਮੈਂਬਰਾਨ ਆਗੂਆਂ ਗੁਰਜੰਟ ਸਿੰਘ, ਮੇਲਾ ਸਿੰਘ ਕੱਟੂ, ਰਮੇਸ਼ ਹਮਦਰਦ, ਮਜੀਦ ਖਾਂ, ਗੁਰਮੇਲ ਠੁੱਲੀਵਾਲ, ਹਰਜੀਤ ਸਿੰਘ, ਹਰਨੇਕ ਸਿੰਘ, ਜਗਦੀਸ਼ ਸਿੰਘ, ਬਾਬੂ ਸਿੰਘ ਖੁੱਡੀਕਲਾਂ, ਮਨਜੀਤ ਰਾਜ ਆਦਿ ਬਹੁਤ ਸਾਰੇ ਆਗੂਆਂ ਨੇ ਸਿਵਲ ਹਸਪਤਾਲ ਬਰਨਾਲਾ ਵਿੱਚ ਬੱਚਿਆਂ, ਐਨਸਥੀਸੀਆ, ਰੇਡੀਆਲੋਜਿਸਟ ਆਦਿ ਸਪੈਸ਼ਲਿਸਟ ਡਾਕਟਰਾਂ ਦੀ ਤੁਰੰਤ ਤੈਨਾਤੀ ਦੀ ਮੰਗ ਕੀਤੀ। ਆਗੂਆਂ ਨੇ ਸਮੂਹ ਲੋਕ ਹਿਤੈਸ਼ੀ ਜਥੇਬੰਦੀਆਂ/ ਵਿਅਕਤੀਆਂ ਨੂੰ ਇਸ ਮਾਸ/ਵੱਡੀ ਮੀਟਿੰਗ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਣ ਲਈ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਸਿਵਲ ਹਸਪਤਾਲ ਦੀ ਅਪਗ੍ਰੇਡੇਸ਼ਨ ਲਈ ਉਲੀਕੇ ਜਾਣ ਵਾਲੁੇ ਸੰਘਰਸ਼ ਸੱਦੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।