6 ਜੁਲਾਈ ਨੂੰ ਬਿਜਲੀ ਤੇ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਮੋਤੀ-ਮਹਿਲ ਦਾ ਘਿਰਾਓ ਕੀਤਾ ਜਾਵੇਗਾ
ਕਿਸਾਨ-ਮੋਰਚਿਆਂ ‘ਚ ਹਾਜਰੀ ਭਰਨ ਲਈ ਦਰਜਨਾਂ ਜਥਿਆਂ ਨੇ ਦਿੱਲੀ ਵੱਲ ਕੂਚ ਕੀਤਾ।
ਪਰਦੀਪ ਕਸਬਾ , ਬਰਨਾਲਾ: 03 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 276ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ 8 ਜੁਲਾਈ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।10 ਵਜੇ ਤੋਂ 12 ਵਜੇ ਤੱਕ ਕੀਤੇ ਜਾਣ ਵਾਲੇ ਇਸ ਪ੍ਰਦਰਸ਼ਨ ਦੌਰਾਨ ਸੜਕੀ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ।ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਦਾ ਅੰਕੜਾ ਪਾਰ ਚੁੱਕਿਆ ਹੈ ਅਤੇ ਡੀਜ਼ਲ ਦੀ ਕੀਮਤ ਵੀ ਇਸ ਅੰਕੜੇ ਦੇ ਆਸ ਪਾਸ ਹੀ ਹੈ। ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਖੁੱਲ੍ਹੀ ਮੰਡੀ ਦੇ ਹਵਾਲੇ ਕੀਤਾ ਹੋਇਆ ਹੈ ਪਰ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤਾਂ ਵਧਣ ਸਮੇਂ ਕੀਮਤਾਂ ਵਧਾ ਤਾਂ ਦਿੱਤੀਆਂ ਜਾਂਦੀਆਂ ਹਨ ਪਰ ਘਟਣ ਸਮੇਂ ਘਟਾਈਆਂ ਨਹੀਂ ਜਾਂਦੀਆਂ।
ਡੀਜ਼ਲ ਦੀ ਵਧੀ ਹੋਈ ਕੀਮਤ ਕਾਰਨ ਖੇਤੀ ਖੇਤਰ ਸਮੇਤ ਆਮ ਆਦਮੀ ਉਪਰ ਬਹੁਤ ਬੋਝ ਪੈ ਰਿਹਾ ਹੈ। ਪਿੰਡਾਂ ਅਤੇ ਸ਼ਹਿਰਾਂ ਅੰਦਰ ਘੰਟਿਆਂ ਬੱਧੀ ਲੰਮੇ ਕੱਟ ਲੱਗ ਰਹੇ ਹਨ। ਜਿਸ ਨਾਲ ਕਿਸਾਨਾਂ ਸਮੇਤ ਆਮ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਜਗਸੀਰ ਸਿੰਘ ਸੀਰਾ,ਗੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਾਹੌਰ, ਬਾਬੂ ਸਿੰਘ ਖੁੱਡੀ ਕਲਾਂ, ਬਲਜੀਤ ਸਿੰਘ ਚੌਹਾਨਕੇ, ਅਮਰਜੀਤ ਕੌਰ, ਮੇਲਾ ਸਿੰਘ ਕੱਟੂ, ਰਣਧੀਰ ਸਿੰਘ ਰਾਜਗੜ ਤੇ ਹਰਚਰਨ ਸਿੰਘ ਚੰਨਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜਕਲ੍ਹ ਬਿਜਲੀ ਸਪਲਾਈ ਦਾ ਪ੍ਰਬੰਧ ਬਹੁਤ ਨਾਕਸ ਹੋ ਚੁੱਕਾ ਹੈ। 8 ਘੰਟੇ ਲਗਾਤਾਰ ਸਪਲਾਈ ਦੇ ਵਾਅਦੇ ਦੇ ਉਲਟ ਮੁਸ਼ਕਲ ਨਾਲ 4-5 ਟੁੱਟਵੀਂ ਸਪਲਾਈ ਦਿੱਤੀ ਜਾ ਰਹੀ ਹੈ। ਨਹਿਰੀ ਪਾਣੀ ਦੀ ਸਪਲਾਈ ਵੀ ਸੰਤੋਸ਼ਜਨਕ ਨਹੀਂ ਹੈ। ਪਾਣੀ ਬਗੈਰ ਝੋਨੇ ਦੀ ਫਸਲ ਸੁੱਕ ਰਹੀ ਹੈ। ਇਸ ਨਾਕਸ ਪ੍ਰਬੰਧ ਵਿਰੁੱਧ ਸੂਬੇ ਪੱਧਰ ਦਾ ਰੋਸ ਪ੍ਰਦਰਸ਼ਨ 6 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਉ ਕਰਕੇ ਕੀਤਾ ਜਾਵੇਗਾ। ਜਿਲ੍ਹੇ ਪੱਧਰਾਂ ‘ਤੇ ਵੱਖ ਵੱਖ ਦਿਨਾਂ ‘ਤੇ ਬਿਜਲੀ ਬੋਰਡਾਂ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਵੇਂ ਦਿੱਲੀ ਵੱਲ ਜਥੇ ਕੂਚ ਕਰ ਰਹੇ ਹਨ ਪਰ ਇਹ ਗਿਣਤੀ ਵਧਾਉਣ ਦੀ ਜਰੂਰਤ ਹੈ।
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਿਸਾਨ ਅੰਦੋਲਨ ਬਾਰੇ ਕਵੀਸ਼ਰੀ ਗਾਇਣ ਕੀਤਾ।