ਬੌਖਲਾਹਟ ‘ਚ ਆਈ ਬੀਜੇਪੀ,ਘਟੀਆ ਤੇ ਅਨੈਤਿਕ ਦੂਸ਼ਣਬਾਜ਼ੀ ਕਰਨ ਦੀ ਹੱਦ ਤੱਕ ਗਿਰੀ :ਕਿਸਾਨ ਆਗੂ
ਕੱਲ੍ਹ ਨੂੰ ਬਿਜਲੀ ਦੇ ਨਾਕਸ ਪ੍ਰਬੰਧਾਂ ਵਿਰੁੱਧ ਬਿਜਲੀ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 01 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 274ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਕੱਲ੍ਹ ਬੀਜੇਪੀ ਤੇ ਆਰਐਸਐਸ ਦੇ ਵਰਕਰਾਂ ਨੇ ਗਾਜ਼ੀਪੁਰ ਬਾਰਡਰ ‘ਤੇ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜਤਾ ਰਹੇ ਕਿਸਾਨਾਂ ਉਪਰ ਜਿਸਮਾਨੀ ਹਮਲਾ ਕਰ ਦਿੱਤਾ ਜਿਸ ਕਾਰਨ ਪੰਜ ਕਿਸਾਨ ਜਖਮੀ ਹੋ ਗਏ। ਕਿਸਾਨ ਸੱਤ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਉਪਰ ਪੂਰੇ ਸਬਰ,ਸਿਦਕ ਤੇ ਸ਼ਾਂਤਮਈ ਢੰਗ ਨਾਲ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਅੰਦੋਲਨ ਚਲਾ ਰਹੇ ਹਨ। ਕਿਸਾਨ ਅੰਦੋਲਨ ਮੂਹਰੇ ਨੈਤਿਕ ਪੱਖੋਂ ਹਾਰ ਚੁੱਕੀ ਬੀਜੇਪੀ ਹੁਣ ਜਿਸਮਾਨੀ ਹਮਲਿਆਂ ਵਰਗੇ ਘਟੀਆ ਹੱਥਕੰਡੇ ਵਰਤਣ ਲੱਗ ਪਈ ਹੈ। ਅੱਜ ਧਰਨੇ ਵਿੱਚ ਬੀਜੇਪੀ ਤੇ ਆਰਐਸਐਸ ਦੇ ਗੁਰਗਿਆਂ ਵੱਲੋਂ ਗਾਜ਼ੀਪੁਰ ਬਾਰਡਰ ‘ਤੇ ਪੁਰਅਮਨ ਬੈਠੇ ਕਿਸਾਨਾਂ ਉਪਰ ਕੀਤੇ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਅਤੇ ਇਸ ਗੁੰਡਾਗਰਦੀ ਲਈ ਜਿੰਮੇਵਾਰ ਮੁਲਜਮਾਂ ਵਿਰੁੱਧ ਕੇਸ ਦਰਜ ਦੀ ਮੰਗ ਕੀਤੀ।
ਪੰਜਾਬ ਵਿੱਚ ਬਿਜਲੀ ਸਪਲਾਈ ਦੀ ਹਾਲਤ ਬਿਲਕੁੱਲ ਨਿੱਘਰ ਗਈ ਹੈ। ਜਿਥੇ ਘਰੇਲੂ ਸਪਲਾਈ ਲਈ ਅਣਐਲਾਨੇ ਵੱਡੇ ਵੱਡੇ ਕੱਟ ਲਾਏ ਜਾ ਰਹੇ ਹਨ ਉਥੇ ਦੂਜੇ ਪਾਸੇ ਖੇਤੀ ਖੇਤਰ ਨੂੰ ਵੀ ਸਿਰਫ 4-5 ਘੰਟੇ ਸਪਲਾਈ ਦਿੱਤੀ ਜਾ ਰਹੀ ਹੈ। ਕੱਲ੍ਹ ਨੂੰ ਇਨ੍ਹਾਂ ਨਾਕਸ ਪ੍ਰਬੰਧਾਂ ਵਿਰੁੱਧ ਰੋਸ ਧਰਨਾ ਦਿੱਤਾ ਜਾਵੇਗਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਗੁਰਨਾਮ ਸਿੰਘ ਠੀਕਰਾਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਮਿਲਖਾ ਸਿੰਘ, ਅਮਰਜੀਤ ਕੌਰ, ਬਲਵੰਤ ਸਿੰਘ ਠੀਕਰਾਵਾਲਾ, ਨਛੱਤਰ ਸਿੰਘ ਸਾਹੌਰ, ਮੇਲਾ ਸਿੰਘ ਕੱਟੂ, ਬਲਜੀਤ ਸਿੰਘ ਚੌਹਾਨਕੇ, ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਦੇ ਮੁੱਖਮੰਤਰੀ ਖੱਟਰ ਨੇ ਕਿਸਾਨ ਅੰਦੋਲਨ ਬਾਰੇ ਬਹੁਤ ਘਟੀਆ ਤੇ ਅਨੈਤਿਕ ਟਿੱਪਣੀਆਂ ਕੀਤੀਆਂ ਹਨ। ਬਗੈਰ ਕਿਸੇ ਸਬੂਤ ਤੇ ਆਧਾਰ ਦੇ ਕਿਸਾਨ ਧਰਨਿਆਂ ਵਿੱਚ ਅਨੈਤਿਕ ਕਾਰਵਾਈਆਂ ਹੋਣ ਦੀ ਘਟੀਆ ਦੂਸ਼ਣਬਾਜ਼ੀ ਕੀਤੀ ਹੈ।ਖੁਦਕੁਸ਼ੀ ਦੀ ਮੰਦਭਾਗੀ ਘਟਨਾ ਨੂੰ ਕਤਲ ਕਿਹਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਨੂੰ ਬਦਨਾਮ ਕਰਨ ਲਈ ਅਜਿਹੇ ਘਟੀਆ ਹੱਥਕੰਡਿਆਂ ਦੀ ਵਰਤੋਂ ਸਰਕਾਰ ਦੀ ਬੌਖਲਾਹਟ ਦੀ ਨਿਸ਼ਾਨੀ ਹੈ।
ਅੱਜ ਧਰਨੇ ‘ਚ ਗੁਰਮੇਲ ਸਿੰਘ ਕਾਲੇਕੇ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਗਾਇਣ ਰਾਹੀਂ ਧਰਨਾਕਾਰੀਆਂ ਵਿੱਚ ਜੋਸ਼ ਭਰਿਆ।