ਪੰਦਰਵੇਂ ਕੌਮੀ ਅੰਕੜਾ ਦਿਵਸ ’ਤੇ ਪ੍ਰੋਫੈਸਰ ਪ੍ਰਸ਼ਾਂਤਾ ਚੰਦਰ ਨੂੰ ਕੀਤਾ ਯਾਦ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 29 ਜੂਨ: 2021
ਜ਼ਿਲਾ ਅੰਕੜਾ ਦਫ਼ਤਰ ਸੰਗਰੂਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਅੱਜ ਕੌਮੀ ਅੰਕੜਾ ਦਿਵਸ ਮਨਾਇਆ ਗਿਆ। ਇਹ ਜਾਣਕਾਰੀ ਉਪ ਅਰਥ ਤੇ ਅੰਕੜਾ ਸਲਾਹਕਾਰ ਸੰਗਰੂਰ ਪਰਮਜੀਤ ਸਿੰਘ ਨੇ ਦਿੱਤੀ।
ਸ਼੍ਰੀ ਪਰਮਜੀਤ ਸਿੰਘ ਨੇ ਅੰਕੜਿਆਂ ਦੇ ਬਾਨੀ ਸਵਰਗਵਾਸੀ ਪ੍ਰੋ. ਪ੍ਰਸ਼ਾਂਤਾ ਚੰਦਰ ਮੋਹਾਲਾਨੋਬਿਸ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪ੍ਰੋ. ਪ੍ਰਸ਼ਾਂਤਾ ਚੰਦਰ ਦਾ ਜਨਮ 29 ਜੂਨ 1893 ਨੂੰ ਕਲਕੱਤਾ (ਬੰਗਾਲ) ਵਿਖੇ ਸਵੋਧ ਚੰਦਰਾ ਦੇ ਘਰ ਹੋਇਆ। ਉਨਾਂ ਕਿਹਾ ਕਿ ਪ੍ਰਸ਼ਾਂਤਾ ਚੰਦਰ ਨੇ 1944 ਵਿੱਚ ਓਕਸਫ਼ੋਰਡ ਯੂਨੀਵਰਸਿਟੀ ਤੋਂ ਵੈਲਡਨ ਮੈਮੋਰੀਅਲ ਐਵਾਰਡ ਪ੍ਰਾਪਤ ਕੀਤਾ। ਉਨਾਂ ਕਿਹਾ ਕਿ ਅੰਕੜਿਆਂ ਵਿੱਚ ਪ੍ਰੋਫ਼ੈਸਰ ਚੰਦਰ ਦੇ ਮਹੱਤਵਪੂਰਨ ਯੋਗਦਾਨ ਸਦਕਾ ਸਾਲ 1945 ਵਿੱਚ ਉਨਾਂ ਨੂੰ ਰੋਇਲ ਸੁਸਾਇਟੀ ਲੰਡਨ ਦਾ ਮੈਂਬਰ ਵੀ ਬਣਾਇਆ ਗਿਆ। ਸਾਲ 1947 ਵਿੱਚ ਉਨਾਂ ਨੂੰ ਯੂਨਾਇਟਡ ਨੇਸ਼ਨਜ ਸਬ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਉਹ 1951 ਤੱਕ ਇਸ ਅਹੁਦੇ ’ਤੇ ਬਣੇ ਰਹੇ। ਉਨਾਂ ਕਿਹਾ ਕਿ ਸਾਲ 1950 ਵਿੱਚ ਪ੍ਰੋਫ਼ੈਸਰ ਪ੍ਰਸ਼ਾਂਤਾ ਚੰਦਰ ਪਹਿਲੀ ਰਾਸ਼ਟਰੀ ਆਮਦਨ ਕਮੇਟੀ ਦੇ ਚੇਅਰਮੈਨ ਬਣੇ।
ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰੋ. ਪ੍ਰਸ਼ਾਂਤਾ ਚੰਦਰ ਮੋਹਾਲਾਨੋਬਿਸ ਸਾਡੇ ਦੇਸ਼ ਦੇ ਅੰਕੜਾਤਿਮਕ ਢਾਂਚੇ ਵਿੱਚ ਦੋ ਧਰਨਾਵਾਂ ਲੈ ਕੇ ਆਏ ਜੋ ਅੱਜ ਕੇਂਦਰੀ ਅੰਕੜਾ ਸੰਗਠਨ ਅਤੇ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਦੇ ਨਾਮ ਨਾਲ ਜਾਣੀਆ ਜਾਂਦੀਆਂ ਹਨ। ਸਾਲ 1968 ਵਿੱਚ ਪ੍ਰੋ. ਪ੍ਰਸ਼ਾਂਤਾ ਚੰਦਰ ਨੂੰ ਸ੍ਰੀ ਪਦਮ ਵਿਭੂਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨਾਂ ਕਿਹਾ ਕਿ ਹਰ ਸਾਲ 29 ਜੂਨ ਨੂੰ ਕੌਮੀ ਅੰਕੜਾ ਦਿਵਸ ਮਨਾਇਆ ਜਾਂਦਾ ਹੈ।
ਇਸ ਮੌਕੇ ਸਹਾਇਕ ਖੋਜ਼ ਅਫ਼ਸਰ ਰਾਜ ਕੁਮਾਰ, ਅੰਕੜਾ ਸਹਾਇਕ ਕਰਨਜੀਤ ਸਿੰਘ, ਕਲਰਕ ਤਰਸੇਮ ਚੰਦ, ਸਟੈਨੋ ਗੁਰਜੀਤ ਕੌਰ, ਇਨਵੈਸਟੀਗੇਟਰ ਅਸ਼ਵਨੀ ਕੁਮਾਰ, ਮਨਪ੍ਰੀਤ ਸਿੰਘ ਅਤੇ ਸਮੂਹ ਦਫ਼ਤਰੀ ਸਟਾਫ਼ ਹਾਜ਼ਰ ਸਨ।