ਕਿਸਾਨਾਂ ‘ਤੇ ਲਾਠੀਚਾਰਜ ਤੇ ਪਰਚੇ ਦਰਜ ਕਰਨ ਦੀ ਨਿਖੇਧੀ ਕੀਤੀ; ਰੋਸ ਪ੍ਰਦਰਸ਼ਨ ਬਾਅਦ ਸਰਕਾਰ ਦੀ ਅਰਥੀ ਫੂਕੀ।
ਫਿਲਮਾਂ,ਕਿਤਾਬਾਂ ਤੇ ਖੋਜ-ਪੱਤਰਾਂ ਰਾਹੀਂ ਕਿਸਾਨ ਅੰਦੋਲਨ ਦੀ ਇਤਿਹਾਸਕਤਾ ਸਾਂਭੀ ਜਾਣ ਲੱਗੀ: ਕਿਸਾਨ ਆਗੂ
ਪਰਦੀਪ ਕਸਬਾ ਬਰਨਾਲਾ: 28 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 271ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਚੰਡੀਗੜ੍ਹ ‘ਚ 26 ਜੂਨ ਨੂੰ ‘ਖੇਤੀ ਬਚਾਉ ਲੋਕਤੰਤਰ ਬਚਾਉ’ ਦਿਵਸ ਮੌਕੇ ਰਾਜਪਾਲ ਨੂੰ ਮੰਗਪੱਤਰ ਦੇਣ ਜਾ ਰਹੇ ਕਿਸਾਨਾਂ ਉਪਰ ਪੁਲਿਸ ਨੇ ਲਾਠੀਚਾਰਜ ਕੀਤਾ, ਜਲਤੋਪਾਂ ਵਰਤੀਆਂ ਅਤੇ ਕਿਸਾਨ ਆਗੂਆਂ ਵਿਰੁੱਧ ਕੇਸ ਦਰਜ ਕੀਤੇ । ਸਰਕਾਰ ਨੇ ਲੋਕਾਂ ਦੇ ਸ਼ਾਤਮਈ ਰੋਸ ਪ੍ਰਦਰਸ਼ਨ ਕਰਨ ਦੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਕੀਤਾ। ਅੱਜ ਧਰਨੇ ਵਿੱਚ ਪੁਲਿਸ ਦੀ ਇਸ ਵਹਿਸ਼ੀ ਕਾਰਵਾਈ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ। ਸਰਕਾਰ ਦੀ ਇਸ ਗੈਰ-ਸੰਵਿਧਾਨਕ ਤੇ ਗੈਰਕਾਨੂੰਨੀ ਕਰਵਾਈ ਵਿਰੁੱਧ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਮੇਲਾ ਸਿੰਘ ਕੱਟੂ,ਨਛੱਤਰ ਸਿੰਘ ਸਾਹੌਰ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਗੁਰਮੇਲ ਸ਼ਰਮਾ, ਬਾਬੂ ਸਿੰਘ ਖੁੱਡੀ ਕਲਾਂ, ਬਲਜੀਤ ਸਿੰਘ ਚੌਹਾਨਕੇ, ਗੁਰਦਰਸ਼ਨ ਸਿੰਘ ਦਿਉਲ,ਗੋਰਾ ਸਿੰਘ ਢਿੱਲਵਾਂ, ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਾਡਾ ਅੰਦੋਲਨ ਇਤਿਹਾਸ ਵਿੱਚ ਆਪਣੀ ਸ਼ਾਨਾਮੱਤੀ ਤੇ ਵਿਲੱਖਣ ਥਾਂ ਸੁਰੱਖਿਅਤ ਕਰ ਚੁੱਕਾ ਹੈ। ਪੂਰੀ ਤਰ੍ਹਾਂ ਸ਼ਾਤਮਈ, ਵਿਆਪਕ ਤੇ ਇੰਨੇ ਲੰਬੇ ਸਮੇਂ ਤੱਕ ਚੱਲਣ ਵਾਲਾ ਇਹ ਅੰਦੋਲਨ ਸਿਰਫ ਰਾਸ਼ਟਰੀ ਹੱਦਾਂ ਤੱਕ ਸੀਮਤ ਨਹੀਂ ਰਿਹਾ ਸਗੋਂ ਅੰਤਰਰਾਸ਼ਟਰੀ ਮੰਚਾਂ ‘ਤੇ ਵੀ ਇਸ ਦੀ ਗੂੰਜ ਸੁਣਾਈ ਦਿੰਦੀ ਹੈ। ਨੌਮ ਚੌਮਸਕੀ ਵਰਗੇ ਸੰਸਾਰ ਪੱਧਰ ਦੇ ਚਿੰਤਕ ਇਸ ਅੰਦੋਲਨ ਦੀ ਹਮਾਇਤ ਵਿੱਚ ਬੋਲ ਰਹੇ ਹਨ; ਉਘੇ ਫਿਲਮਸਾਜ਼ ਫਿਲਮਾਂ ਬਣਾ ਰਹੇ ਹਨ; ਨਾਮਚੀਨ ਲੇਖਕ ਕਿਤਾਬਾਂ ਲਿਖ ਰਹੇ ਹਨ ਅਤੇ ਖੋਜਾਰਥੀ ਖੋਜ-ਪੱਤਰ ਲਿੱਖ ਕੇ ਇਸ ਅੰਦੋਲਨ ਦੀ ਵਿਲੱਖਣਤਾ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰ ਰਹੇ ਹਨ। ਦੁਨੀਆਂ ਦੀਆਂ ਪਾਰਲੀਮੈਂਟਾਂ ‘ਚ ਇਸ ਕਿਸਾਨ ਅੰਦੋਲਨ ‘ਤੇ ਬਹਿਸਾਂ ਹੋ ਰਹੀਆਂ ਹਨ।ਇਤਿਹਾਸ ਇਸ ਅੰਦੋਲਨ ਨੂੰ ਸੁਨਹਿਰੀ ਅੱਖਰਾਂ ਵਿੱਚ ਸਾਂਭ ਕੇ ਰੱਖੇਗਾ।ਅਸੀਂ ਇਸ ਅੰਦੋਲਨ ਨੂੰ ਜਿੱਤ ਕੇ ਹੀ ਘਰਾਂ ਨੂੰ ਮੁੜਾਂਗੇ।