ਕਿਹਾ ਕਿ ਅੱਜ ਵੀ ਸਾਡੇ ਦੇਸ਼ ਵਿੱਚ ਉਸੇ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ; ਬਸ ਇਤਨਾ ਫਰਕ ਹੈ ਕਿ ਇਸ ਦਾ ਐਲਾਨ ਨਹੀਂ ਕੀਤਾ ਹੋਇਆ। ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਉਣੇ ਉਸੇ ਐਮਰਜੈਂਸੀ ਦਾ ਹੀ ਇੱਕ ਰੂਪ ਹੈ।
ਪਰਦੀਪ ਕਸਬਾ ਬਰਨਾਲਾ , 26 ਜੂਨ 2021
ਅੱਜ ਕਿਸਾਨ ਜਥੇਬੰਦੀਆਂ ਕਿਸਾਨ ਧਰਨਿਆਂ ਵਿਚ ਕਿਸਾਨ ਬਚਾਓ ਲੋਕਤੰਤਰ ਬਚਾਓ ਦਿਵਸ ਮਨਾਉਣਗੀਆਂ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਵਿੱਤਰ ਸਿੰਘ ਲਾਲੀ, ਨਰੈਣ ਦੱਤ, ਨਛੱਤਰ ਸਿੰਘ ਸਾਹੌਰ, ਦਰਸ਼ਨ ਸਿੰਘ, ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ, ਪੰਜਾਬ ਸਿੰਘ ਠੀਕਰੀਵਾਲਾ, ਹਰਚਰਨ ਸਿੰਘ ਚੰਨਾ, ਕਾਕਾ ਸਿੰਘ ਫਰਵਾਹੀ, ਬਲਜੀਤ ਸਿੰਘ ਚੌਹਾਨਕੇ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ ਕੱਲ੍ਹ 26 ਜੂਨ ਨੂੰ ਸੱਤ ਮਹੀਨੇ ਪੂਰੇ ਹੋ ਜਾਣਗੇ। ਇਨ੍ਹਾਂ ਸੱਤ ਮਹੀਨਿਆਂ ਦੌਰਾਨ ਅਸੀਂ ਅੱਤ ਦੀ ਸਰਦੀ, ਗਰਮੀ, ਗੜ੍ਹੇ, ਮੀਂਹ, ਹਨੇਰੀ, ਤੂਫਾਨ, ਗੱਲ ਕੀ, ਕੁਦਰਤ ਦੀਆਂ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਆਪਣੇ ਪਿੰਡਿਆਂ ‘ਤੇ ਝੱਲੀਆਂ ਹਨ। 500 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪਰ ਸਰਕਾਰ ਦੇ ਹੰਕਾਰ ਤੇ ਤਾਨਾਸ਼ਾਹੀ ਦੀ ਇੰਤਹਾ ਦੇਖੋ; 22 ਜਨਵਰੀ ਤੋਂ ਬਾਅਦ ਇਸ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਇਸੇ ਤਰ੍ਹਾਂ ਦੀ ਤਾਨਾਸ਼ਾਹੀ ਦੀ ਝਲਕ 26 ਜੂਨ 1975 ਨੂੰ ਵੀ ਦੇਖਣ ਨੂੰ ਮਿਲੀ ਸੀ ਜਦੋਂ ਤਦਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕਰਕੇ ਨਾਗਰਿਕਾਂ ਦੇ ਸਾਰੇ ਮੁਢਲੇ ਅਧਿਕਾਰ ਮਨਸੂਖ ਕਰ ਦਿੱਤੇ ਸਨ। ਅੱਜ ਵੀ ਸਾਡੇ ਦੇਸ਼ ਵਿੱਚ ਉਸੇ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ; ਬਸ ਇਤਨਾ ਫਰਕ ਹੈ ਕਿ ਇਸ ਦਾ ਐਲਾਨ ਨਹੀਂ ਕੀਤਾ ਹੋਇਆ। ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਉਣੇ ਉਸੇ ਐਮਰਜੈਂਸੀ ਦਾ ਹੀ ਇੱਕ ਰੂਪ ਹੈ। ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ ਨਰੈਣ ਦੱਤ ਇਸੇ ਲਈ ਕੱਲ੍ਹ 26 ਜੂਨ ਨੂੰ ਕਿਸਾਨ ਆਪਣੇ ਧਰਨਿਆਂ ‘ਚ ‘ਖੇਤੀ ਬਚਾਉ, ਲੋਕਤੰਤਰ ਬਚਾਉ’ ਦਿਵਸ ਮਨਾ ਕੇ ਸਾਡੀ ਖੇਤੀ ਤੇ ਲੋਕਤੰਤਰ ਨੂੰ ਬਚਾਉਣ ਦਾ ਅਹਿਦ ਲੈਣਗੇ।