ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 268 ਵਾਂ ਦਿਨ
ਬਾਬਾ ਬੰਦਾ ਸਿੰਘ ਬਹਾਦਰ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਯਾਦ ਨੂੰ ਸਿਜਦਾ ਕੀਤਾ ਗਿਆ।
ਪਰਦੀਪ ਕਸਬਾ , ਬਰਨਾਲਾ: 25 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 268ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਿਵਸ ਮੌਕੇ ਅੱਜ ਧਰਨੇ ਵਿੱਚ ਉਨ੍ਹਾਂ ਦੀ ਯਾਦ ਨੂੰ ਸਿਜਦਾ ਕੀਤਾ ਗਿਆ। ਅੱਜ ਹੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਉਤਸਵ ਹੈ।ਧਰਨੇ ਵਿੱਚ ਉਨ੍ਹਾਂ ਦੇ ਜੀਵਨ ਤੇ ਫਲਸਫੇ ਤੋਂ ਪ੍ਰੇਰਨਾ ਲੈਣ ਦਾ ਅਹਿਦ ਕਰਦੇ ਹੋਏ ਉਨ੍ਹਾਂ ਦੀ ਯਾਦ ਨੂੰ ਸਿਜਦਾ ਕੀਤਾ ਗਿਆ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਵਿੱਤਰ ਸਿੰਘ ਲਾਲੀ, ਨਰੈਣ ਦੱਤ,ਨਛੱਤਰ ਸਿੰਘ ਸਾਹੌਰ, ਨੇਕਦਰਸ਼ਨ ਸਿੰਘ, ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ, ਪੰਜਾਬ ਸਿੰਘ ਠੀਕਰੀਵਾਲਾ, ਹਰਚਰਨ ਸਿੰਘ ਚੰਨਾ, ਕਾਕਾ ਸਿੰਘ ਫਰਵਾਹੀ, ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ ਕੱਲ੍ਹ 26 ਜੂਨ ਨੂੰ ਸੱਤ ਮਹੀਨੇ ਪੂਰੇ ਹੋ ਜਾਣਗੇ। ਇਨ੍ਹਾਂ ਸੱਤ ਮਹੀਨਿਆਂ ਦੌਰਾਨ ਅਸੀਂ ਅੱਤ ਦੀ ਸਰਦੀ, ਗਰਮੀ, ਗੜ੍ਹੇ, ਮੀਂਹ, ਹਨੇਰੀ, ਤੂਫਾਨ, ਗੱਲ ਕੀ, ਕੁਦਰਤ ਦੀਆਂ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਆਪਣੇ ਪਿੰਡਿਆਂ ‘ਤੇ ਝੱਲੀਆਂ ਹਨ। 500 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪਰ ਸਰਕਾਰ ਦੇ ਹੰਕਾਰ ਤੇ ਤਾਨਾਸ਼ਾਹੀ ਦੀ ਇੰਤਹਾ ਦੇਖੋ; 22 ਜਨਵਰੀ ਤੋਂ ਬਾਅਦ ਇਸ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਇਸੇ ਤਰ੍ਹਾਂ ਦੀ ਤਾਨਾਸ਼ਾਹੀ ਦੀ ਝਲਕ 26 ਜੂਨ 1975 ਨੂੰ ਵੀ ਦੇਖਣ ਨੂੰ ਮਿਲੀ ਸੀ ਜਦੋਂ ਤਦਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕਰਕੇ ਨਾਗਰਿਕਾਂ ਦੇ ਸਾਰੇ ਮੁਢਲੇ ਅਧਿਕਾਰ ਮਨਸੂਖ ਕਰ ਦਿੱਤੇ ਸਨ। ਅੱਜ ਵੀ ਸਾਡੇ ਦੇਸ਼ ਵਿੱਚ ਉਸੇ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ; ਬਸ ਇਤਨਾ ਫਰਕ ਹੈ ਕਿ ਇਸ ਦਾ ਐਲਾਨ ਨਹੀਂ ਕੀਤਾ ਹੋਇਆ। ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਉਣੇ ਉਸੇ ਐਮਰਜੈਂਸੀ ਦਾ ਹੀ ਇੱਕ ਰੂਪ ਹੈ। ਇਸੇ ਲਈ ਕੱਲ੍ਹ 26 ਜੂਨ ਨੂੰ ਕਿਸਾਨ ਆਪਣੇ ਧਰਨਿਆਂ ‘ਚ ‘ਖੇਤੀ ਬਚਾਉ, ਲੋਕਤੰਤਰ ਬਚਾਉ’ ਦਿਵਸ ਮਨਾ ਕੇ ਸਾਡੀ ਖੇਤੀ ਤੇ ਲੋਕਤੰਤਰ ਨੂੰ ਬਚਾਉਣ ਦਾ ਅਹਿਦ ਲੈਣਗੇ।ਜੁਗਰਾਜ ਸਿੰਘ ਠੁੱਲੀਵਾਲ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਸੁਣਾਏ।