ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾਉਣ ਲਈ ਲੋਕ ਲੈ ਰਹੇ ਹਨ ਸਰਕਾਰੀ ਸਿਹਤ ਸੁਵਿਧਾ ਦਾ ਸਹਾਰਾ
ਰਘਵੀਰ ਹੈਪੀ , ਬਰਨਾਲਾ, 25 ਜੂਨ 2021
ਜਿ਼ਲ੍ਹਾ ਬਰਨਾਲਾ ਦੇ ਨਸ਼ਾ ਛੁਡਾਓ ਕੇਂਦਰ (ਬਰਨਾਲਾ) ਅਤੇ ਪੰਜ ਓਟ ਕਲੀਨਿਕ (ਭਦੌੜ, ਤਪਾ, ਮਹਿਲ ਕਲਾਂ, ਧਨੌਲਾ, ਬਰਨਾਲਾ) ਨਸ਼ਾ ਪੀੜਤਾ ਲਈ ਵਰਦਾਨ ਸਾਬਤ ਹੋ ਰਹੇ ਹਨ । ਪੀੜਤ ਜਿੱਥੇ ਨਾ ਸਿਰਫ ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾ ਰਹੇ ਹਨ ਬਲਕਿ ਆਪਣਾ ਜੀਵਨ ਨਵਾਂ ਰੂਪ ਵਿਚ ਸ਼ੁਰੂ ਵੀ ਕਰਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਨਸ਼ਾ ਛੁਡਾਓ ਕੇਂਦਰ ਅਤੇ ਓਟ ਕਲੀਨਿਕਾਂ ਦੀ ਸਥਾਪਨਾ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਨਸ਼ਾ ਰਹਿਤ ਜੀਵਨ, ਬਤੀਤ ਕਰਵਾਉਣ ਦੇ ਮੰਤਵ ਨਾਲ ਕੀਤੀ ਗਈ ਸੀ।
ਸਿਵਲ ਸਰਜਨ ਬਰਨਾਲਾ ਡਾ ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਨਸ਼ਾ ਛੁਡਾਓ ਕੇਂਦਰ ਵਿਖੇ ਮਰੀਜ਼ਾਂ ਨੂੰ ਦਾਖਲ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਜਿਹੜੇ ਲੋਕ ਇਸ ਕੇਂਦਰ ਵਿਖੇ ਦਾਖਲ ਨਹੀਂ ਹੋ ਸੱਕਦੇ , ਅਜਿਹੇ ਲੋਕਾਂ ਲਈ ਜਿ਼ਲ੍ਹੇ ਵਿੱਚ ਪੰਜ ਓਟ ਕਲੀਨਿਕਾਂ ਦੀ ਸਥਾਪਨਾ ਵੀ ਕੀਤੀ ਗਈ ਹੈ।
ਉਹਨਾ ਦੱਸਿਆ ਕਿ ਸਰਕਾਰ ਦਾ ਇਹ ਉਪਰਾਲਾ ਉਹਨਾ ਸਾਰੇ ਹੀ ਲੋਕਾਂ ਲਈ ਕੀਤਾ ਗਿਆ ਹੈ, ਜੋ ਇਸ ਇਲਾਕੇ ਵਿੱਚ ਅਫੀਮ, ਪੋਸਤ ਮੈਡੀਕਲ ਨਸ਼ਾ ਅਤੇ ਸ਼ਰਾਬ ਵਰਗੇ ਨਸਿ਼ਆਂ ਦੀ ਗ੍ਰਿਫਤ ਵਿੱਚ ਫਸ ਚੁੱਕੇ ਹਨ,ਪਰ ਉਹ ਇਸ ਨਸ਼ੇ ਦੇ ਜਾਲ ਚੋ ਨਿਕਲਣਾ ਚਾਹੁੰਦੇ ਹਨ।
ਡਾ. ਔਲਖ ਨੇ ਦੱਸਿਆ ਕਿ ਉੱੱਥੇ ਆਉਣ ਵਾਲੇ ਹਰ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀ ਨੂੰ ਬੜੀ ਹੀ ਹਲੀਮੀ ਨਾਲ ਤਜਰਬੇਕਾਰ ਡਾਕਟਰਾਂ ਦੀ ਟੀਮ ਵਲੋਂ ਠੀਕ ਕੀਤਾ ਜਾਂਦਾ ਹੈ ਤਾਂ ਜੋ ਨਸ਼ਾ ਛੱਡ ਚੁੱਕਿਆ ਵਿਅਕਤੀ ਮੁੜ ਇਸ ਜੰਜਾਲ ਵਿੱਚ ਨਾ ਫਸੇ ਅਤੇ ਨਸ਼ਾ ਰਹਿਤ ਜੀਵਨ ਬਤੀਤ ਕਰ ਸਕੇ।