ਏ.ਐਸ.ਆਈ. ਸਤਵਿੰਦਰ ਸਿੰਘ ਤੋਂ ਤਫਤੀਸ਼ ਬਦਲ ਕੇ ਐਸ.ਆਈ. ਲਖਵਿੰਦਰ ਸਿੰਘ ਨੂੰ ਸੌਂਪੀ
ਹਰਿੰਦਰ ਨਿੱਕਾ , ਬਰਨਾਲਾ 24 ਜੂਨ 2021
ਕਚਿਹਰੀ ਚੌਂਕ ਤੋਂ ਲੰਘਦੇ ਉਵਰਬ੍ਰਿਜ ਤੇ ਕਾਰ ਸਵਾਰ ਦੀ ਚਪੇਟ ਵਿੱਚ ਆ ਕੇ ਮੌਤ ਦੀ ਗੋਦ ਵਿੱਚ ਪਹੁੰਚ ਚੁੱਕੇ ਮੋਟਰਸਾਈਕਲ ਸਵਾਰ ਅਮਨ ਦੀ ਮੌਤ ਲਈ ਜਿੰਮੇਵਾਰ ਦੋਸ਼ੀ ਕਾਰ ਚਾਲਕ ਨੂੰ ਪੁਲਿਸ ਨੇ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਦੀ ਘੁਰਕੀ ਤੋਂ ਬਾਅਦ ਕੇਸ ਵਿੱਚ ਦੋਸ਼ੀ ਨਾਮਜ਼ਦ ਕਰਕੇ ਉਸਨੂੰ ਗਿਰਫਤਾਰ ਕਰਕੇ, ਉਸ ਦੀ ਕਾਰ ਵੀ ਬਰਾਮਦ ਕਰ ਲਈ ਹੈ। ਬਰਨਾਲਾ ਟੂਡੇ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਐਸ.ਐਸ.ਪੀ. ਸ੍ਰੀ ਗੋਇਲ ਦੇ ਹੁਕਮਾਂ ਤੇ ਕੇਸ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਸਤਵਿੰਦਰ ਸਿੰਘ ਤੋਂ ਲੈ ਕੇ ਜਾਂਚ ਵੀ ਐਸ.ਆਈ. ਲਖਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਹਾਦਸੇ ਲਈ ਦੋਸ਼ੀ ਕਾਰ ਚਾਲਕ ਦੇ ਖਿਲਾਫ ਮੌਕੇ ਤੇ ਪਤਾ ਲੱਗ ਜਾਣ ਤੋਂ ਬਾਅਦ ਹੀ ਦੋਸ਼ੀ ਨੂੰ ਨਾਮਜ਼ਦ ਨਾ ਕਰਨਾ, ਬੇਹੱਦ ਮੰਦਭਾਗੀ ਗੱਲ ਹੈ। ਅਜਿਹੀ ਹਰਕਤ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨਾਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਡਿਊਟੀ ਵਿੱਚ ਲਾਪਰਵਾਹੀ ਕਰਦਾ ਸਾਹਮਣੇ ਆਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਿਸ ਨੇ ਮੁੱਕਦਮਾ ਨੰਬਰ 309 ਮਿਤੀ 22/06/2021 ਅ:ਧ: 304-ਏ, 279, 427 ਆਈ.ਪੀ.ਸੀ. ਥਾਣਾ ਸਿਟੀ ਬਰਨਾਲਾ ਜੋ ਬਰਬਿਆਨ ਉੱਦਲ ਰਾਮ ਪੁੱਤਰ ਮੌੜ ਰਾਮ ਵਾਸੀ ਪੱਤੀ ਰੋਡ ਬਰਨਾਲਾ ਦੇ ਬਿਆਨ ਪਰ ਬਰਖਿਲਾਫ ਨਾਮਲੂਮ ਵਹੀਕਲ ਡਰਾਈਵਰ ਦਰਜ ਰਜ਼ਿਸਟਰ ਹੋਇਆ ਸੀ। ਹਾਦਸੇ ਵਿੱਚ ਅਮਨ ਪੁੱਤਰ ਮੁਲਖ ਰਾਜ ਵਾਸੀ ਬਠਿੰਡਾ ਦੀ ਮੌਤ ਹੋ ਗਈ ਸੀ। ਇਸ ਕੇਸ ਨੂੰ ਪੁਲਿਸ ਨੇ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨਾਂ ਦੱਸਿਆ ਕਿ ਦੌਰਾਨ ਏ ਪੜਤਾਲ ਇਹ ਗੱਲ ਸਾਹਮਣੇ ਆਈ ਕਿ ਇਹ ਐਕਸੀਡੈਂਟ ਅਵਤਾਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਗਲੀ ਨੰਬਰ 3 ਸਹੀਦ ਭਗਤ ਸਿੰਘ ਨਗਰ ਬਰਨਾਲਾ ਵੱਲੋਂ ਆਪਣੀ ਫੌਕਸ ਵੈਗਨ ਕਾਰ ਵੈਨਟੋਂ ਨੰਬਰ PB 19R-3600 ਨਾਲ ਕੀਤਾ ਸੀ। ਉੱਕਤ ਦੋਸ਼ੀ ਨੂੰ ਮੁੱਕਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਮੁੱਕਦਮਾ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।