30 ਨੂੰ ਮੋਤੀ ਮਹਿਲ ਦਾ ਘਿਰਾਓ/ 7 ਜੁਲਾਈ ਨੂੰ ਹੋਵੇਗਾ ਸਿੱਖਿਆ ਮੰਤਰੀ ਦੇ ਹਲਕੇ ਵਿਚ ਰੋਸ ਮਾਰਚ
7 ਜੁਲਾਈ ਨੂੰ ਹੋਵੇਗਾ ਸਿੱਖਿਆ ਮੰਤਰੀ ਦੇ ਹਲਕੇ ਵਿਚ ਰੋਸ ਮਾਰਚ।
ਹਰਪ੍ਰੀਤ ਕੌਰ ਬਬਲੀ , ਸੰਗਰੂਰ , 22 ਜੂਨ 2021
ਬੇਰੁਜ਼ਗਾਰ ਸਾਂਝਾ ਮੋਰਚਾ ਜਿਸ ਵਿੱਚ ਪੰਜ ਬੇਰੁਜ਼ਗਾਰ ਜਥੇਬੰਦੀਆਂ (ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ,ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ,ਬੇਰੁਜ਼ਗਾਰ 646 ਪੀ ਟੀਂ ਆਈ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼) ਨੇ ਅੱਜ 8 ਜੂਨ ਨੂੰ ਪਟਿਆਲੇ ਵਿਖੇ ਹੋਏ ਭਿਆਨਕ ਲਾਠੀਚਾਰਜ ਤੋਂ ਬਾਅਦ ਸਿੱਖਿਆ ਮੰਤਰੀ ਨਾਲ 22 ਜੂਨ ਦੀ ਪੈਨਲ ਮੀਟਿੰਗ ਤਹਿ ਕਰਵਾਈ ਗਈ ਸੀ ਤਾਂ ਜੋ ਬੇਰੁਜ਼ਗਾਰਾਂ ਦੀਆਂ ਮੰਗਾਂ ਦਾ ਯੋਗ ਹੱਲ ਹੋ ਸਕੇ। ਬੇਰੁਜ਼ਗਾਰਾਂ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਪਟਿਆਲਾ ਵਿਖੇ ਸਰਕਟ ਹਾਊਸ ਵਿਖੇ ਹੋਈ ਜੋ ਕਿ ਬੇਸਿੱਟਾ ਰਹੀ। ਜਿਸ ਦੇ ਰੋਸ ਵਜੋਂ ਅੱਜ ਬੇਰੁਜ਼ਗਾਰਾਂ ਨੇ ਸਥਾਨਕ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਚੱਲ ਰਹੇ ਪੱਕੇ ਮੋਰਚੇ ਤੇ ਇਕੱਠੇ ਹੋਣ ਉਪਰੰਤ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਗਟਾਇਆ। ਉਹਨਾਂ ਦੋਸ਼ ਲਗਾਇਆ ਕਿ ਇੱਕ ਪਾਸੇ ਲੋੜਵੰਦ ਬੇਰੁਜ਼ਗਾਰ ਰੁਜ਼ਗਾਰ ਲਈ ਤਰਸ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਉੱਚ ਅਹੁਦਿਆਂ ਉੱਤੇ ਨੌਕਰੀਆਂ ਦੇ ਰਹੀ ਹੈ।ਇਸ ਲਈ ਆਮ ਬੇਰੁਜ਼ਗਾਰਾਂ ਵੱਲੋਂ ਪ੍ਰਾਪਤ ਕੀਤੀਆਂ ਡਿਗਰੀਆਂ ਰੱਦੀ ਦੇ ਕਾਗਜ ਹਨ।
ਸਾਂਝੇ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਨੇ ਮੀਟਿੰਗ ਕਰਨ ਉਪਰੰਤ 30 ਜੂਨ ਨੂੰ ਪਟਿਆਲੇ ਵਿਖੇ ਮੋਤੀ ਮਹਿਲ ਦਾ ਘਿਰਾਓ ਕਰਨ ਅਤੇ 7 ਜੁਲਾਈ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਕੈਪਟਨ ਸਰਕਾਰ ਵਿਰੁੱਧ ਰੋਸ ਮਾਰਚ ਕਰਨ ਦੀ ਰਣਨੀਤੀ ਬਣਾਈ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਘੁਮਾਣ , ਹਰਜਿੰਦਰ ਸਿੰਘ ਝੁਨੀਰ, ਕ੍ਰਿਸ਼ਨ ਸਿੰਘ ਨਾਭਾ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਬੇਰੁਜ਼ਗਾਰਾਂ ਦੀਆਂ ਮੰਗਾਂ ਸਬੰਧੀ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਪੰਜਾਬ ਸਰਕਾਰ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਦੀਆਂ ਮੰਗਾਂ ਮੰਨਣ ਦੇ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਸੂਬੇ ਦੀਆਂ ਸਮੂਹਿਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਪੰਜਾਬ ਦੇ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਚੁਣਿਆ ਸੀ।
ਪਰ ਅਫ਼ਸੋਸ ਪੰਜਾਬ ਸਰਕਾਰ ਹੋਰਨਾਂ ਸਮੱਸਿਆਵਾਂ ਦੇ ਨਾਲ ਨਾਲ ਬੇਰੁਜ਼ਗਾਰਾਂ ਦੀ ਸਮੱਸਿਆਵਾਂ ਨੂੰ ਵੀ ਹੱਲ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਤੱਕ ਸੰਘਰਸ਼ ਇਵੇਂ ਹੀ ਜਾਰੀ ਰਹੇਗਾ। ਇਸ ਸਮੇਂ ਗਗਨਦੀਪ ਕੌਰ, ਪ੍ਰਿਤਪਾਲ ਕੌਰ, ਪ੍ਰੀਤਇੰਦਰ ਕੌਰ, ਰਾਜਬੀਰ ਕੌਰ, ਟੈਹਰਾ ਖ਼ਾਨ, ਮਲਿਕ ਪ੍ਰੀਤ, ਸਤਵੀਰ ਕੌਰ, ਅਮਨ ਸੇਖਾ, ਗੁਰਸੰਤ ਸਿੰਘ, ਰਵਿੰਦਰ ਸਿੰਘ, ਹਰਬੰਸ ਸਿੰਘ ,ਮਨਜੀਤ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਸ਼ਸਪਾਲ ਸਿੰਘ ਰਣਬੀਰ ਨਦਾਮਪੁਰ, ਸ਼ੰਦੀਪ ਸਿੰਘ ਆਦਿ ਹਾਜ਼ਰ ਸਨ।