ਨਜ਼ਦੀਕੀ ਜਿਲ੍ਹਿਆਂ ਦੇ ਕਿਸਾਨ ਚੰਡੀਗੜ੍ਹ ਰਾਜਪਾਲ ਨੂੰ ਰੋਸ-ਪੱਤਰ ਸੌਂਪਣਗੇ; ਬਾਕੀ ਆਪਣੇ ਜਿਲ੍ਹਿਆਂ ‘ਚ ਧਰਨੇ ਦੇਣਗੇ।
ਉਘੇ ਬੁੱਧੀਜੀਵੀ ਸੁਰਜੀਤ ਬਰਾੜ ਘੋਲੀਆ ਨੇ ਖੇਤੀ ਕਾਨੂੰਨਾਂ ਦੇ ਪਾਜ ਉਘੇੜੇ।
ਪਰਦੀਪ ਕਸਬਾ , ਬਰਨਾਲਾ: 22 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 265ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।
ਅੱਜ ਧਰਨੇ ਨੂੰ ਉਘੇ ਬੁੱਧੀਜੀਵੀ ਸੁਰਜੀਤ ਬਰਾੜ ਘੋਲੀਆ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦੇ ਪਾਜ ਉਘੇੜੇ ਅਤੇ ਕਿਸਾਨਾਂ ਨੂੰ ਇਨ੍ਹਾ ਨੀਤੀਆਂ ਵਿਰੁੱਧ ਮੌਜੂਦਾ ਅੰਦੋਲਨ ਚਲਾਉਣ ਲਈ ਮੁਬਾਰਕਬਾਦ ਦਿੱਤੀ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਗੁਰਬਖਸ਼ ਸਿੰਘ ਕੱਟੂ, ਬਾਰਾ ਸਿੰਘ ਬਦਰਾ, ਧਰਮਪਾਲ ਕੌਰ, ਸੁਰਜੀਤ ਬਰਾੜ, ਸੁਖਦੇਵ ਸਿੰਘ ਖਾਲਸਾ,ਬਲਵੰਤ ਸਿੰਘ ਠੀਕਰੀਵਾਲਾ, ਅਮਰਜੀਤ ਕੌਰ, ਨਛੱਤਰ ਸਿੰਘ ਸਾਹੌਰ, ਯਾਦਵਿੰਦਰ ਸਿੰਘ ਚੌਹਾਨਕੇ, ਗੋਰਾ ਸਿੰਘ ਢਿੱਲਵਾਂ, ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਐਮਰਜੈਂਸੀ ਦੀ 46ਵੀਂ ਵਰ੍ਹੇਗੰਢ ਅਤੇ ਦਿੱਲੀ ਬਾਰਡਰਾਂ ਉਪਰ ਕਿਸਾਨ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ‘ਤੇ 26 ਜੂਨ ਦਾ ਦਿਨ ‘ ਖੇਤੀ ਬਚਾਉ, ਲੋਕਤੰਤਰ ਬਚਾਉ ਦਿਵਸ’ ਵਜੋਂ।ਮਨਾਇਆ ਜਾਵੇਗਾ। ਉਸ ਦਿਨ ਸੂਬਿਆਂ ਦੇ ਰਾਜਪਾਲਾਂ ਨੂੰ ਰਾਸ਼ਟਰਪਤੀ ਦੇ ਨਾਂਅ ਰੋਸ-ਪੱਤਰ ਸੌਂਪੇ ਜਾਣਗੇ। ਪੰਜਾਬ ਦੇ ਕਿਸਾਨ ਉਸ ਦਿਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਹੋਣ ਬਾਅਦ ਪੈਦਲ ਹੀ ਚੰਡੀਗੜ੍ਹ ਵੱਲ ਕੂਚ ਕਰਨਗੇ ਅਤੇ ਪੰਜਾਬ ਦੇ ਗਵਰਨਰ ਨੂੰ ਕਿਸਾਨ ਮੰਗਾਂ ਬਾਰੇ ਰੋਸ-ਪੱਤਰ ਸੌਂਪਣਗੇ। ਇਸ ਦੀਆਂ ਤਿਆਰੀਆਂ ਵਜੋਂ ਮੋਹਾਲੀ ਦੇ ਨਜਦੀਕੀ ਜਿਲ੍ਹਿਆਂ ਤੋਂ ਕਿਸਾਨਾਂ ਦੀਆਂ ਯੂਨੀਅਨਾਂ ਮੋਹਾਲੀ ਪਹੁੰਚਣ ਦੀ ਜਿਲ੍ਹੇਵਾਰ ਡਿਉਟੀ ਲਗਾ ਦਿੱਤੀ ਗਈ ਹੈ। ਬਾਕੀ ਜਿਲ੍ਹਿਆਂ ਦੇ ਕਿਸਾਨ ਆਪਣੇ ਜਿਲ੍ਹਿਆਂ ਦੇ ਧਰਨਿਆਂ ਵਿੱਚ ਭਰਵੀਂ ਹਾਜਰੀ ਲਵਾ ਕੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਲੋਕਤੰਤਰ ਦਾ ਘਾਣ ਕੀਤਾ,ਉਸੇ ਤਰ੍ਹਾਂ ਮੌਜੂਦਾ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਰਾਹੀਂ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਸਾਡੀ ਜੀਵਨ ਜਾਚ ਦਾ ਘਾਣ ਕਰਨਾ ਚਾਹੁੰਦੀ ਹੈ। ਲੋਕਤੰਤਰ ਨੂੰ ਬਚਾਉਣ ਲਈ ਖੇਤੀ ਨੂੰ ਬਚਾਉਣਾ ਜਰੂਰੀ ਹੈ। ਸਾਡਾ ਮੌਜੂਦਾ ਅੰਦੋਲਨ ਖੇਤੀ ਦੇ ਨਾਲ ਨਾਲ ਲੋਕਤੰਤਰ ਬਚਾਉਣ ਦੀ ਵੀ ਲੜਾਈ ਹੈ।
ਅੱਜ ਰਾਜਵਿੰਦਰ ਸਿੰਘ ਮੱਲੀ, ਪਰਮਿੰਦਰ ਸਿੰਘ, ਗਗਨਦੀਪ ਕੌਰ ਠੀਕਰੀਵਾਲਾ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।