ਸਿਵਲ ਹਸਪਤਾਲ ਬਰਨਾਲਾ ਵਿੱਚ ਸਹੂਲਤਾਂ ਪਹਿਲ ਦੇ ਅਧਾਰ ਤੇ ਪੂਰੀਆਂ ਕੀਤੀਆਂ ਜਾਣ- ਪ੍ਰੇਮ ਕੁਮਾਰ
23 ਜੂਨ ਨੂੰ ਬਾਅਦ ਦੁਪਿਹਰ 3 ਵਜੇ ਸਿਵਲ ਸਰਜਨ ਬਰਨਾਲਾ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਹਰਿੰਦਰ ਨਿੱਕਾ , ਬਰਨਾਲਾ 20 ਜੂਨ 2021
ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੀ ਮੀਟਿੰਗ ਸਿਵਲ ਹਸਪਤਾਲ ਪਾਰਕ ਵਿੱਚ ਪ੍ਰੇਮ ਕੁਮਾਰ ਸਕੱਤਰ ਦੀ ਅਗਵਾਈ ਹੇਠ ਹੋਈ। ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਜਿਲ੍ਹੇ ਦੇ ਵਸਨੀਕਾਂ ਨੂੰ ਸਰਕਾਰੀ ਸਿਹਤ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਾਲਾਂ ਬੱਧੀ ਸਮੇਂ ਤੋਂ ਯਤਨਸ਼ੀਲ ਹੈ । ਕੁੱਝ ਸਾਲ ਪਹਿਲਾਂ 2013 ਵਿੱਚ ਸਰਕਾਰ ਨੇ ਜੱਚਾ ਬੱਚਾ ਹਸਪਤਾਲ ਨੂੰ ਉਜਾੜਨ ਦੀ ਵਿਉਂਤ ਬਣਾਈ ਸੀ ਜਿਸ ਨੂੰ ਜਾਨ ਹੂਲਵੇਂ ਸੰਘਰਸ਼ ਰਾਹੀਂ ਇਸੇ ਥਾਂ ਬਹਾਲ ਕਰਵਾਇਆ ਸੀ ।
ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਹਸਪਤਾਲ ਬਚਾਓ ਕਮੇਟੀ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਖੁਸ਼ੀਆ ਸਿੰਘ, ਮੇਲਾ ਸਿੰਘ ਕੱਟੂ, ਗੁਰਮੀਤ ਸੁਖਪੁਰ, ਸੋਹਣ ਸਿੰਘ, ਖੁਸ਼ੀਆ ਸਿੰਘ, ਰਮੇਸ਼ ਕੁਮਾਰ ਹਮਦਰਦ, ਗੁਰਜੰਟ ਸਿੰਘ, ਕਰਿਸ਼ਨ ਕੁਮਾਰ ਕੁੱਕ, ਕਮਲਜੀਤ ਸਿੰਘ,ਹਰਚਰਨ ਸਿੰਘ ਚਹਿਲ,ਡਾ ਰਜਿੰਦਰ ਪਾਲ,ਗਗਨਦੀਪ ਸਿੰਘ ਅਨਿਲ ਕੁਮਾਰ ਅਤੇ ਨਰਾਇਣ ਦੱਤ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ਜੋ ਪੂਰੇ ਜਿਲ੍ਹੇ ਨੂੰ ਸਰਕਾਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਇੱਕੋ ਇੱਕ ਹਸਪਤਾਲ ਹੈ, ਵਿੱਚ ਵੀ ਲੰਬੇ ਸਮੇਂ ਤੋਂ ਬੱਚਿਆਂ ਦਾ ਇੱਕ ਵੀ ਡਾਕਟਰ ਨਾਂ ਹੋਣ ਕਰਕੇ ਵੱਡੀਆ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਨਾਲ ਦੀ ਨਾਲ ਪ੍ਰਾਈਵੇਟ ਡਾਕਟਰਾਂ ਕੋਲੋਂ ਲੁੱਟ ਕਰਾਉਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ।
ਇਹੋ ਹਾਲ ਗਰਭਵਤੀ ਧੀਆਂ ਅਤੇ ਹੋਰ ਰੋਗਾਂ ਦੇ ਮਰੀਜਾਂ ਨੂੰ ਹਸਪਤਾਲ ਵਿੱਚ ਅਲਟਰਾਸਾਊਂਡ ਦੀ ਮਸ਼ੀਨ ਹੋਣ ਦੇ ਬਾਵਜੂਦ ਮਾਹਿਰ ਡਾਕਟਰ ਦੀ ਤਾਇਨਾਤੀ ਨਾਂ ਹੋਣ ਕਰਕੇ ਸਹੂਲਤਾਂ ਤੋਂ ਵਾਂਝਿਆਂ ਕਰ ਰੱਖਿਆ ਹੈ। ਇਸੇ ਤਰ੍ਹਾਂ ਹੀ ਐਨਸੀਸੀਆ ਦਾ ਮਾਹਿਰ ਡਾਕਟਰ ਨਾਂ ਹੋਣ ਕਰਕੇ ਮਰੀਜਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹਸਪਤਾਲ ਬਚਾਓ ਕਮੇਟੀ ਨੇ ਗੰਭੀਰ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਸਿਵਲ ਸਰਜਨ ਬਰਨਾਲਾ ਨੂੰ ਸੌਂਪੇ ਗਏ ਮੰਗ ਪੱਤਰ ਤੇ ਮੁੱਢਲੇ ਪੜਾਅ ਵਿੱਚ 23 ਜੂਨ ਨੂੰ ਬਾਅਦ ਦੁਪਿਹਰ 3 ਵਜੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਿਵਲ ਸਰਜਨ ਬਰਨਾਲਾ ਨੂੰ ਵੱਡੇ ਵਫਦ ਦੇ ਰੂਪ ਵਿੱਚ ਮਿਲਿਆ ਜਾਵੇਗਾ।
ਉਸੇ ਹੀ ਦਿਨ ਕਮੇਟੀ ਆਪਣੀ ਮੀਟਿੰਗ ਕਰਕੇ ਲੋੜੀਦੀਆਂ ਸਿਹਤ ਸਹੂਲਤਾਂ ਅਤੇ ਨਵਾਂ ਮਲਟੀ ਸੁਪਰਸਪੈਸ਼ਲਿਸਟੀ ਹਸਪਤਾਲ ਦੇ ਮਨਜੂਰ ਹੋਣ ਤੋਂ ਬਾਅਦ ਮੌਜੂਦਾ ਸਿਵਲ ਹਸਪਤਾਲ ਦੇ ਸਰੂਪ ਨੂੰ ਬਹਾਲ ਰੱਖਣ/ਮਿਲਦੀਆਂ ਸਿਹਤ ਸਹੂਲਤਾਂ ਬਰਕਰਾਰ ਰੱਖਣ ਲਈ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਸੰਘਰਸ਼ ਵਿੱਚ ਸਾਰੀਆਂ ਜਨਤਕ ਜਮਹੂਰੀ ਸਮਾਜ ਸੇਵੀ ਸ਼ਹਿਰੀ ਸੰਸਥਾਵਾਂ ਦਾ ਸਹਿਯੋਗ ਹਾਸਲ ਕੀਤਾ ਜਾਵੇਗਾ। ਕਮੇਟੀ ਆਗੂਆਂ ਨੇ ਸਮੂਹ ਇਨਸਾਫਪਸੰਦ ਜਨਤਕ ਜਮਹੂਰੀ ਜਥੇਬੰਦੀਆਂ, ਸਮਾਜ ਸੇਵੀ ਸ਼ਹਿਰੀ ਸੰਸਥਾਵਾਂ ਨੂੰ 23 ਜੂਨ ਨੂੰ 3 ਵਜੇ ਸਿਵਲ ਸਰਜਨ ਬਰਨਾਲਾ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।