ਪੰਜਾਬ ਦੇ ਲੋੜਵੰਦ ਬੇਰੁਜ਼ਗਾਰ ਸੜਕਾਂ ਦੀ ਖਾਕ ਛਾਣਦੇ ਸਰਕਾਰੀ ਡੰਡੇ ਝੱਲ ਰਹੇ – ਢਿੱਲਵਾਂ
ਹਰਪ੍ਰੀਤ ਕੌਰ ਬਬਲੀ , 19 ਜੂਨ,ਸੰਗਰੂਰ 2021
ਇੱਕ ਪਾਸੇ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਭਰਤੀ ਹੋਣ ਦੀਆਂ ਸਾਰੀਆਂ ਯੋਗਤਾਵਾਂ ਰੱਖਦੇ ਪੰਜਾਬ ਲੋੜਵੰਦ ਬੇਰੁਜ਼ਗਾਰ ਸੜਕਾਂ ਦੀ ਖਾਕ ਛਾਣਦੇ ਸਰਕਾਰੀ ਡੰਡੇ ਝੱਲ ਰਹੇ ਹਨ ਜਦਕਿ ਦੂਜੇ ਪਾਸੇ ਅਯੋਗ ,ਗੈਰ ਲੋੜਵੰਦ ਵਿਧਾਇਕਾਂ ਦੇ ਕਾਕਿਆਂ ਨੂੰ ਉੱਚੀਆਂ ਨੌਕਰੀਆਂ ਦੇ ਰਹੀ ਹੈ।ਜਿਸਦਾ ਜ਼ੋਰਦਾਰ ਵਿਰੋਧ ਕਰਨਾ ਬਣਦਾ ਹੈ।
ਉਕਤ ਗੱਲਬਾਤ ਸਥਾਨਕ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਪਿਛਲੇ 171 ਦਿਨਾਂ ਤੋਂ ਰੁਜ਼ਗਾਰ ਹਾਸਲ ਕਰਨ ਲਈ ਪੱਕਾ ਮੋਰਚਾ ਲਗਾ ਕੇ ਬੈਠੇ ਪੰਜ ਬੇਰੁਜ਼ਗਾਰ ਜਥੇਬੰਦੀਆਂ ਉੱਤੇ ਆਧਾਰਿਤ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਹਰਜਿੰਦਰ ਸਿੰਘ ਅਤੇ ਸੰਦੀਪ ਮੋਫ਼ਰ ਨੇ ਸਾਂਝੇ ਤੌਰ ਤੇ ਆਖੇ।
ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਭਾਰਤ ਦੇ ਸੰਯੁਕਤ ਕਿਸਾਨ ਮੋਰਚੇ ਅਤੇ ਸਾਂਝੇ ਅਧਿਆਪਕ ਮੋਰਚੇ ਸਮੇਤ ਸਮੁੱਚੀਆਂ ਇਨਕਲਾਬੀ ਅਤੇ ਸੰਘਰਸ਼ੀ ਧਿਰਾਂ ਵੱਲੋਂ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਹਮਾਇਤ ਨਾਲ ਬੇਰੁਜ਼ਗਾਰਾਂ ਨੂੰ ਹੋਰ ਤਿੱਖੇ ਸੰਘਰਸ਼ ਲਈ ਹੌਸਲਾ ਮਿਲਿਆ ਹੈ।
ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ,ਸਿਹਤ ਅਤੇ ਸਿੱਖਿਆ ਮੰਤਰੀ ਦੀ ਖਾਮੋਸ਼ੀ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਮਾਹੌਲ ਉੱਸਰ ਚੁੱਕਿਆ ਹੈ,ਆਉਂਦੇ ਸਮੇਂ ਬੇਰੁਜ਼ਗਾਰ ਆਪਣੀ ਪਿਛਲੀ ਮੁਹਿੰਮ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਰੁਜ਼ਗਾਰ ਲਈ ਸਵਾਲ ਕਰਨਗੇ। ਉਹਨਾਂ ਕਿਹਾ ਕਿ ਬੇਰੁਜ਼ਗਾਰਾਂ ਨੇ ਆਪਣੀਆਂ ਮੰਗਾਂ ਨਾਲ ਸੰਬੰਧਤ ਬੈਨਰ ਆਪਣੇ ਗੇਟਾਂ ਉੱਤੇ ਲਗਾਕੇ ਕਾਂਗਰਸ ਨੂੰ ਵਖਤ ਪਾ ਦਿੱਤਾ ਹੈ।
ਅਧਿਆਪਕ ਆਗੂ ਰਘਬੀਰ ਸਿੰਘ ਭਵਾਨੀਗੜ੍ਹ ਅਤੇ ਕਮਲ ਸਿੰਘ ਨੇ ਬੇਰੁਜ਼ਗਾਰਾਂ ਦੇ ਪੱਖ ਵਿੱਚ ਹਾਅ ਦਾ ਨਾਹਰਾ ਮਾਰਿਆ।
ਇਸ ਮੌਕੇ ਗਗਨਦੀਪ ਕੌਰ,ਕਿਰਨਦੀਪ ਕੌਰ,ਪਿ੍ਰਤਪਾਲ ਕੌਰ,ਪਰਮਿੰਦਰ ਸਿੰਘ,ਰਾਮ ਪ੍ਰਕਾਸ਼ ਸਿੰਘ, ਅਰਵਿੰਦਰ ਸਿੰਘ,ਜਗਸੀਰ ਸਿੰਘ ਜਲੁਰ,ਸਸ਼ ਪਾਲ ਸਿੰਘ,ਰਾਮ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ। ਵਰਨਣਯੋਗ ਹੈ ਕਿ ਬੀਤੇ ਕੱਲ੍ਹ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਵੀ ਬੇਰੁਜ਼ਗਾਰਾਂ ਦੀ ਪਿੱਠ ਉੱਤੇ ਆਏ ਸਨ।