ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੈਂਪਲਿੰਗ ਕਰਵਾਉਣ ਅਤੇ ਵੈਕਸੀਨ ਲਗਵਾਉਣ ਦੀ ਕੀਤੀ ਅਪੀਲ
ਬੀ ਟੀ ਐੱਨ , ਫਾਜ਼ਿਲਕਾ, 18 ਜੂਨ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਾਜਿਲਕਾ ਜ਼ਿਲੇ੍ਹ ਵਿੱਚ ਹੁਣ ਤੱਕ 18771 ਲੋਕਾਂ ਨੇ ਕੋਵਿਡ ਖਿਲਾਫ ਜੰਗ ਜਿੱਤ ਕੇ ਸਿਹਤਯਾਬੀ ਹਾਸਲ ਕੀਤੀ ਹੈ।ਉਨ੍ਹਾਂ ਕਿਹਾ ਕਿ ਜਿਥੇ ਠੀਕ ਹੋਣ ਵਾਲਿਆਂ ਦੀ ਦਰ ਵਧੀ ਹੈ ਉਥੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ, ਪਰ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲੇ ਵਿਚ ਕੋਵਿਡ ਦੇ 54 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 65 ਜਣਿਆ ਨੇ ਕਰੋਨਾ ਨੂੰ ਹਰਾਇਆ ਹੈ।ਇਸ ਤਰਾਂ ਹੁਣ ਤੱਕ ਜ਼ਿਲੇ ਵਿਚ ਕੁੱਲ 19726 ਲੋਕਾਂ ਦੀ ਰਿਪੋਰਟ ਪਾਜਿਟਿਵ ਆ ਚੁੱਕੀ ਹੈ। ਜਦ ਕਿ ਇਸ ਸਮੇਂ 446 ਐਕਟਿਵ ਕੇਸ ਜ਼ਿਲੇ ਵਿਚ ਹਨ ਅਤੇ 509 ਦੁੱਖਦਾਈ ਮੌਤਾਂ ਹੋਈਆਂ ਹਨ। ਉਨਾਂ ਨੇ ਕਿਹਾ ਕਿ ਸਮੇਂ ਸਿਰ ਜਾਂਚ ਕਰਵਾ ਲਈ ਜਾਵੇ ਅਤੇ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਜਲਦ ਤੋਂ ਜਲਦ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਵਿਖਾਈ ਦੇਣ ਤਾਂ ਬਿਨਾਂ ਦੇਰੀ ਆਪਣੇ ਟੈਸਟ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਯੋਗ ਵਿਅਕਤੀ ਆਪਣੀ ਵੈਕਸੀਨ ਵੀ ਲਗਵਾਏ ਤਾ ਜ਼ੋ ਕੋਵਿਡ ਦੇ ਖਤਰੇ ਤੋਂ ਬਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਣ ਲਈ ਸਾਵਧਾਨੀਆਂ ਜਿਵੇਂ ਕਿ ਮਾਸਕ ਲਾਜਮੀ ਪਾਇਆ ਜਾਵੇ, ਭੀੜ ਵਾਲੀ ਜਗ੍ਹਾਂ `ਤੇ ਨਾ ਜਾਇਆ ਜਾਵੇ, ਸਮਾਜਿਕ ਦੂਰੀ ਕਾਇਮ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ।
ਇਨ੍ਹਾਂ ਥਾਵਾਂ `ਤੇ ਹੋਈ ਵੈਕਸੀਨੇਸ਼ਨ ਤੇ ਸੈਂਪਲਿੰਗ, ਕਣਕ ਦੀ ਵੰਡ ਜਾਰੀ
ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਫਾਜ਼ਿਲਕਾ ਅੰਦਰ ਲੋਕਾਂ ਦੀ ਸੈਂਪਲਿੰਗ ਤੇ ਵੈਕਸੀਨੇਸ਼ਨ ਦਾ ਕੰਮ ਨਿਰਵਿਘਨ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਟੈਸਟਿੰਗ ਅਤੇ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਅਰਨੀਵਾਲਾ , ਫਾਜ਼ਿਲਕਾ ਅਤੇ ਦੁਰਗਿਆਣਾ ਮੰਦਰ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਸਜਰਾਣਾ ਵਿਖੇ ਵਿਸ਼ੇਸ਼ ਤੌਰ `ਤੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਕੈਂਪ ਆਯੋਜਿਤ ਕੀਤਾ ਗਿਆ। ਇਸ ਦੇ ਨਾਲ-ਨਾਲ ਕੋਵਿਡ ਨਾਲ ਜੂਝ ਰਹੇ ਲੋੜਵੰਦ ਮਰੀਜਾਂ ਨੂੰ ਕਣਕ ਦੀ ਵੰਡ ਕੀਤੀ ਜਾ ਰਹੀ ਹੈ ਜਿਸ ਕਾਰਕੇ ਉਹ ਇਸ ਔਖੀ ਘੜੀ ਵਿਚ ਆਪਣੇ ਆਪ ਨੂੰ ਇਕਲਾ ਨਾ ਸਮਝਣ। ਉਨ੍ਹਾਂ ਦੱਸਿਆ ਕਿ ਅੱਜ ਗੁਲਾਮ ਰਸੂਲ, ਟਾਹਲੀ ਵਾਲਾ ਜਟਾਂ, ਬਸਤੀ ਨੂਰ ਸ਼ਾਹ, ਮੁਹਾਰ ਖੀਵਾ ਅਤੇ ਜਨਤਾ ਨਗਰ ਵਿਖੇ ਕਣਕ ਦੀ ਵੰਡ ਕੀਤੀ ਗਈ।