ਚੋਣ ਸਰਗਰਮੀਆਂ ਦਾ ਵਿਰੋਧ ਜਾਰੀ ਰੱਖਣ ਦਾ ਕੀਤਾ ਐਲਾਨ
ਪ੍ਰਦੀਪ ਕਸਬਾ , ਨਵਾਂਸ਼ਹਿਰ 18 ਜੂਨ 2021
ਕਿਰਤੀ ਕਿਸਾਨ ਯੂਨੀਅਨ ਨੇ 15 ਜੂਨ ਨੂੰ ਕਾਂਗਰਸੀ ਐਮ ਪੀ ਮੁਨੀਸ਼ ਤਿਵਾੜੀ ਦੇ ਪਿੰਡ ਬਜੀਦ ਪੁਰ ਦੇ ਦੌਰੇ ਦਾ ਤਿੱਖਾ ਵਿਰੋਧ ਕਰਨ ਵਾਲੇ ਦੋਆਬਾ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਹੋਰ ਕਿਸਾਨਾਂ ਉੱਤੇ ਪੁਲਸ ਕੇਸ ਦਰਜ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ।ਅੱਜ ਨਵਾਂਸ਼ਹਿਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਹੈ ਕਿ ਦੋਆਬਾ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਦਿੱਲੀ ਦਾ ਹਿੱਸਾ ਹਿੱਸਾ ਹੈ।ਕਿਰਤੀ ਕਿਸਾਨ ਯੂਨੀਅਨ ਸਮਝਦੀ ਹੈ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਤਿੱਖੀ ਲੜਾਈ ਲੜ ਰਹੇ ਹਨ ਉਦੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ,ਭਾਜਪਾ ਅਤੇ ਹੋਰ ਕੁਝ ਸਿਆਸੀ ਪਾਰਟੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਸਰਗਰਮੀਆਂ ਕਰ ਰਹੀਆਂ ਹਨ ਜੋ ਸਹਿਣਯੋਗ ਨਹੀਂ।ਇਸ ਸੰਘਰਸ਼ ਵਿਚ500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਇਹ ਸਿਆਸੀ ਪਾਰਟੀਆਂ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਤਰਲੋਮੱਛੀ ਹੋ ਰਹੀਆਂ ਹਨ।
ਅਜਿਹੀਆਂ ਪਾਰਟੀਆਂ ਦਾ ਵਿਰੋਧ ਜਾਰੀ ਰਹੇਗਾ।ਜੇਕਰ ਸਿਆਸੀ ਪਾਰਟੀਆਂ ਅਜਿਹੀਆਂ ਸਰਗਰਮੀਆਂ ਕਰਦਿਆਂ ਕਿਸਾਨਾਂ ਨੂੰ ਚਣੌਤੀ ਦਿੰਦੀਆਂ ਹਨ ਤਾਂ ਇਹਨਾਂ ਦੀ ਚਣੌਤੀ ਕਿਸਾਨ ਜਥੇਬੰਦੀਆਂ ਨੂੰ ਮਨਜੂਰ ਹੈ।ਪਿੰਡਾਂ ਵਿਚ ਇਹਨਾਂ ਪਾਰਟੀਆਂ ਦਾ ਤਿੱਖਾ ਵਿਰੋਧ ਜਾਰੀ ਰਹੇਗਾ।ਦੋਆਬਾ ਕਿਸਾਨ ਯੂਨੀਅਨ ਨੇ ਮੁਨੀਸ਼ ਤਿਵਾੜੀ ਦਾ ਵਿਰੋਧ ਕਰਕੇ ਕੁਝ ਵੀ ਗਲਤ ਨਹੀਂ ਕੀਤਾ।ਯੂਨੀਅਨ ਆਗੂਆਂ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਕਿਸਾਨ ਆਗੂਆਂ ਉੱਤੇ ਪੁਲਸ ਕੇਸ ਦਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਪ੍ਰਤੀ ਕੈਪਟਨ ਸਰਕਾਰ ਦਾ ਰਵੱਈਆ ਮੋਦੀ ਸਰਕਾਰ ਨਾਲੋਂ ਵੱਖਰਾ ਨਹੀਂ ਹੈ।ਉਹਨਾਂ ਕਿਹਾ ਕਿ ਕਿਸਾਨ ਪੁਲਸ ਕੇਸਾਂ ਤੋਂ ਘਬਰਾ ਕੇ ਹਾਰ ਮੰਨਣ ਵਾਲੇ ਨਹੀਂ।ਜੇਕਰ ਕੈਪਟਨ ਸਰਕਾਰ ਨੇ ਇਹ ਭਰਮ ਪਾਲਿਆ ਹੋਇਆ ਹੈ ਤਾਂ ਉਸਨੂੰ ਆਪਣੇ ਹੰਕਾਰੀ ਦਿਮਾਗ ਵਿਚੋਂ ਕੱਢ ਦੇਣਾ ਚਾਹੀਦਾ ਹੈ।ਇਸ ਮੌਕੇ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਸੋਹਣ ਸਿੰਘ ਅਟਵਾਲ, ਮੱਖਣ ਸਿੰਘ ਭਾਨਮਜਾਰਾ, ਕੁਲਵਿੰਦਰ ਸਿੰਘ ਚਾਹਲ,ਸੁਰਜੀਤ ਕੌਰ ਉਟਾਲ, ਪਰਮਜੀਤ ਸਿੰਘ ਸ਼ਹਾਬਪੁਰ, ਜਗਤਾਰ ਸਿੰਘ ਜਾਡਲਾ, ਜਸਵੀਰ ਸਿੰਘ ਮਹਾਲੋਂ ਵੀ ਮੌਜੂਦ ਸਨ।