ਕਿਸਾਨ ਅੰਦੋਲਨ ਦੇ ਦਬਾਅ ਹੇਠ ਬੀਜੇਪੀ ਅੰਦਰਲਾ ਕਾਟੋ ਕਲੇਸ਼ ਹੋਰ ਵਧਣ ਲੱਗਿਆ
ਪਰਦੀਪ ਕਸਬਾ , ਬਰਨਾਲਾ: 13 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 256 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਸਵੇਰੇ ਤੋਂ ਹੀ ਹੋ ਰਹੀ ਬਾਰਿਸ਼ ਕਾਰਨ ਮੌਸਮ ਨਾਖੁਸ਼ਗਵਾਰ ਸੀ। ਸੰਚਾਲਨ ਕਮੇਟੀ ਨੂੰ ਲੱਗਦਾ ਸੀ ਕਿ ਖਰਾਬ ਮੌਸਮ ਕਾਰਨ ਸ਼ਾਇਦ ਕਿਸਾਨ ਅੱਜ ਨਾ ਆਉਣ।ਪਰ ਧਰਨਾਕਾਰੀ ਨਾ ਸਿਰਫ ਪੂਰੀ ਗਿਣਤੀ ਵਿੱਚ ਆਏ ਸਗੋਂ ਉਨ੍ਹਾਂ ਦਾ ਰੋਹ ਤੇ ਜੋਸ਼ ਵੀ ਪਹਿਲਾਂ ਦੀ ਹੀ ਤਰ੍ਹਾਂ ਬਰਕਰਾਰ ਰਿਹਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੀਤ ਸੁਖਪੁਰ, ਬਲਵੰਤ ਸਿੰਘ, ਗੁਰਨਾਮ ਸਿੰਘ ਠੀਕਰੀਵਾਲਾ, ਸੋਹਨ ਸਿੰਘ ਮਾਝੀ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਗੁਰਦਰਸ਼ਨ ਸਿੰਘ ਦਿਉਲ,ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਹੱਠਧਰਮੀ ਕਾਰਨ ਸਾਡਾ ਅੰਦੋਲਨ ਲੰਬਾ ਹੋ ਰਿਹਾ ਹੈ। ਨੈਤਿਕ ਪੱਖੋਂ ਅਸੀਂ ਪਹਿਲਾਂ ਹੀ ਜੀੱਤ ਚੁੱਕੇ ਹਾਂ ਕਿਉਂਕਿ ਸਰਕਾਰ ਖੇਤੀ ਕਾਨੂੰਨਾਂ ਵਿੱਚ ਕਮੀਆਂ ਸਵੀਕਾਰ ਕਰ ਚੁੱਕੀ ਹੈ ਅਤੇ ਇਨ੍ਹਾਂ ਕਾਨੂੰਨਾਂ ਨੂੰ ਡੇਢ ਦੋ ਸਾਲ ਲਈ ਸਸਪੈਂਡ ਕਰਨ ਲਈ ਤਿਆਰ ਹੈ। ਸਰਕਾਰ ਇਨ੍ਹਾਂ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਤਾਂ ਤਿਆਰ ਹੈ ਪਰ ਰੱਟ ਇਹ ਲਾਈ ਹੋਈ ਹੈ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ। ਕਾਨੂੰਨ ਰੱਦ ਨਾ ਕਰਨ ਵਾਲੀ ਇਹ ਰੱਟ ਵੀ ਉਨ੍ਹਾਂ ਦੀ ਬੌਖਲਾਹਟ ਦੀ ਨਿਸ਼ਾਨੀ ਹੈ।
ਹਰ ਆਏ ਦਿਨ ਨਾਲ ਪੰਜਾਬ ਬੀਜੇਪੀ ਦਾ ਕੋਈ ਨਾ ਕੋਈ ਵੱਡਾ ਨੇਤਾ ਖੁੱਲ੍ਹ ਕੇ ਆਪਣੀ ਪਾਰਟੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਲੈ ਕੇ ਵਿਦਰੋਹੀ ਸੁਰਾਂ ‘ਚ ਬੋਲਣ ਲੱਗਿਆ ਹੈ। ਸਰਕਾਰ ਹੁਣ ਬਹੁਤਾ ਸਮਾਂ ਸਾਡੀਆਂ ਮੰਗਾਂ ਨੂੰ ਟਾਲ ਨਹੀਂ ਸਕਦੀ। ਕਿਸਾਨ ਅੰਦੋਲਨ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਚਲੀਆਂ ਗਈਆਂ ਹਨ। ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਦੇਸ਼ ਦੇ ਸਾਰੇ ਸੂਬਿਆਂ ‘ਚ ਫੈਲ ਚੁੱਕਾ ਹੈ। ਦੇਸ਼ ਵਿੱਚ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਇਸ ਅੰਦੋਲਨ ਦੀਆਂ ਗੂੰਜਾਂ ਪੈ ਰਹੀਆਂ ਹਨ। ਸਰਕਾਰ ਲਈ ਇਹੀ ਚੰਗਾ ਰਹੇਗਾ ਕਿ ਕਾਨੂੰਨ ਜਲਦੀ ਰੱਦ ਦੇਵੇ, ਵਰਨਾ ਕਿਸਾਨ ਤਾਂ ਇਨ੍ਹਾਂ ਨੂੰ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਮੁੜਨਗੇ।