ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਮੈਂ ਹਮੇਸ਼ਾ ਹੀ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਹਲਕੇ ਨਾਲ ਸਬੰਧਤ ਮਸਲਿਆਂ ਦੀ ਆਵਾਜ਼ ਨੂੰ ਵਿਧਾਨ ਸਭਾ ਵਿੱਚ ਉਠਾਇਆ – ਵਿਧਾਇਕ ਪੰਡੋਰੀ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 07 ਜੂਨ 2021
ਸੀ ਪੀ ਆਈ ਐਮ ਐਲ (ਲਿਬਰੇਸ਼ਨ) ਅਤੇ ਮਜਦੂਰ ਮੁਕਤੀ ਮੋਰਚਾ ਦੇ ਸੱਦੇ ਤਹਿਤ ਮਜਦੂਰਾਂ ਵੱਲੋਂ” ਹਿਸਾਬ ਦਿਓ, ਜਵਾਬ ਦਿਓ “ਦੇ ਨਾਅਰੇ ਹੇਠ ਹਲਕਾ ਮਹਿਲ ਕਲਾਂ ਦੇ ਵਿਧਾਇਕ ਤੇ ‘ਆਪ’ ਆਗੂ ਕੁਲਵੰਤ ਸਿੰਘ ਪੰਡੋਰੀ ਦੀ ਰਹਾਇਸ਼ ਅੱਗੇ ਧਰਨਾ ਦੇਣ ਲਈ ਪੁੱਜੇ ਆਗੂਆਂ ਨੇ ਵਿਧਾਇਕ ਪੰਡੋਰੀ ਨੂੰ ਮਿਲਕੇ ਨੂੰ ਸਵਾਲ ਉਠਾਏ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਵਿਧਾਨ ਸਭਾ ਅੰਦਰ ਮਜਦੂਰਾਂ, ਕਿਸਾਨਾਂ,
ਔਰਤਾਂ,ਦਲਿਤਾਂ ਦੇ ਕਿਹੜੇ ਕਿਹੜੇ ਮੁੱਦੇ ਉਠਾਏ ਹਨ। ਇਸ ਮੌਕੇ ਮਜਦੂਰ ਆਗੂ ਸ਼ਿੰਗਾਰਾ ਸਿੰਘ ਚੁਹਾਣਕੇ,ਹਰਚਰਨ ਸਿੰਘ ਰੂੜੇਕੇ,ਰਾਣੀ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਸਮੇਤ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਰੋਲ ਲੋਕ ਵਿਰੋਧੀ ਹੀ ਰਿਹਾ ਕਿਉਂਕਿ ਕਿਸੇ ਨੇ ਵੀ ਮਜ਼ਦੂਰਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲਾ ਸਰਕਾਰਾਂ ਕੋਲ ਉਠਾ ਕੇ ਹੱਲ ਕਰਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀ ਸੋਧ ਦੇ ਮਾਮਲੇ ‘ਤੇ ਇਹਨਾਂ ਕਾਂਗਰਸੀ,ਅਕਾਲੀ ਤੇ ਆਪ ਵਿਧਾਇਕਾਂ ਦੀ ਜੁਬਾਨ ਬੰਦ ਹੈ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਇਹਨਾਂ ਲੀਡਰਾਂ ਨੂੰ ਆਮ ਲੋਕਾਂ ਦੀ ਥਾਂ ਪੂੰਜੀਪਤੀਆਂ ਦੀ ਜਿਆਦਾ ਚਿੰਤਾ ਹੈ।ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 74 ਸਾਲ ਬੀਤ ਜਾਣ ਤੇ ਵੀ ਕੇਂਦਰ ਤੇ ਰਾਜ ਵਿਚਲੀਆਂ ਸਰਕਾਰਾਂ ਨੇ ਕਦੇ ਵੀ ਮਜ਼ਦੂਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਵੱਲ ਕੋਈ ਧਿਆਨ ਨਹੀ ਦਿੱਤਾ, ਕਿਉਂਕਿ ਲਗਾਤਾਰ ਪਹਿਲਾਂ ਨੋਟਬੰਦੀ ਜੀਐੱਸਟੀ ਵਰਗੇ ਲਏ ਫ਼ੈਸਲਿਆਂ ਨੇ ਮਜ਼ਦੂਰਾਂ ਨੂੰ ਆਰਥਕ ਪੱਖੋਂ ਕਮਜ਼ੋਰ ਕਰਕੇ ਰੱਖ ਦਿੱਤਾ ਹੈ ।
ਉਥੇ ਪਿਛਲੇ ਸਮੇਂ ਤੋਂ ਕੋਰੋਨਾ ਦੀ ਮਾਰ ਪੈਣ ਕਾਰਨ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਦੇ ਗੁਜ਼ਾਰੇ ਚਲਾਉਣੇ ਵੀ ਮੁਸ਼ਕਲ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਬਰੂਨੋ ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਨੂੰ ਮਜ਼ਦੂਰਾਂ ਦੀ ਭਲਾਈ ਲਈ ਉਨ੍ਹਾਂ ਦੇ ਖਾਤਿਆਂ ਵਿੱਚ ਸਹਾਇਤਾ ਪਾਉਣ ਤੋਂ ਇਲਾਵਾ ਰਾਸ਼ਨ ਮੁਫ਼ਤ ਦੇਣ ਲਈ ਅੱਗੇ ਆਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਜੋ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਨੁਮਾਇੰਦੇ ਚੁਣ ਕੇ ਭੇਜਦੇ ਹਾਂ ਉਹ ਸਿਰਫ਼ ਮਜ਼ਦੂਰਾਂ ਅਤੇ ਹੋਰ ਵਰਗਾਂ ਦੀ ਆਵਾਜ਼ ਉਠਾਉਣ ਦੀ ਬਜਾਏ ਸਰਮਾਏਦਾਰ ਲੋਕਾਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਇਸ ਲਈ ਅੱਜ ਮਜ਼ਦੂਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋ ਕੇ ਕੇਂਦਰ ਤੇ ਰਾਜ ਸਰਕਾਰਾਂ ਖ਼ਿਲਾਫ਼ ਸੰਘਰਸ਼ ਲੜਨ ਦੀ ਲੋੜ ਹੈ, ਕਿਉਂਕਿ ਸਿਆਸੀ ਲੋਕ ਕਦੇ ਵੀ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਦੇ ਕਿਉਂਕਿ ਉਹ ਸਮੇਂ ਸਮੇਂ ਮਜ਼ਦੂਰ ਵਰਗ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਦੇ ਆ ਰਹੇ ਹਨ ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜ ਛਾੜ ਕਰਕੇ ਲਗਾਤਾਰ ਕਿਰਤ ਕਾਨੂੰਨਾਂ ਨੂੰ ਤੋੜ ਕੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ।ਇਸ ਲਈ ਸਾਨੂੰ ਮਜ਼ਦੂਰ ਵਿਰੋਧੀ ਸਿਆਸੀ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਆਉਣ ਵਾਲੇ ਸਮੇਂ ਵਿੱਚ ਇਕਮੁੱਠ ਹੋ ਕੇ ਸੰਘਰਸ਼ ਵਿੱਢਣ ਦੀ ਲੋੜ ਹੈ। ਇਸ ਮੌਕੇ ਜੱਸੀ ਸੁਖਪੁਰਾ,ਸੰਦੀਪ ਕੌਰ ਬਖਤਗੜ੍ਹ,ਬਾਬੂ ਸਹੌਰ,ਪਾਲ ਤਾਜੋਕੇ,ਸਿੰਦਰ ਕੌਰ ਤਾਜੋਕੇ,ਸੁਰਜੀਤ ਸਿੰਘ ਅਸਪਾਲ ਕਲਾਂ,ਬੀਰਪਾਲ ਕੌਰ ਤਾਜੋਕੇ ਆਦਿ ਹਾਜ਼ਰ ਸਨ।
*ਕੀ ਕਹਿੰਦੇ ਨੇ ਹਲਕਾ ਵਿਧਾਇਕ ਪੰਡੋਰੀ*
ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸੰਪਰਕ ਕਰਨ ਤੇ ਕਿਹਾ ਕਿ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਮੈਨੂੰ ਮਿਲ ਕੇ ਮਜ਼ਦੂਰਾਂ ਦੇ ਮਸਲਿਆਂ ਸਬੰਧੀ ਗੱਲਬਾਤ ਕੀਤੀ ਅਤੇ ਮੈਂ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਜਦੋਂ ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਮੈਂ ਹਮੇਸ਼ਾ ਹੀ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਹਲਕੇ ਨਾਲ ਸਬੰਧਤ ਮਸਲਿਆਂ ਦੀ ਆਵਾਜ਼ ਨੂੰ ਵਿਧਾਨ ਸਭਾ ਵਿੱਚ ਉਠਾਇਆ ਗਿਆ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਉਠਾਏ ਗਏ ਸਾਰੇ ਮਸਲਿਆਂ ਦਾ ਮਜ਼ਦੂਰ ਆਗੂਆਂ ਨੂੰ ਰਿਪੋਰਟ ਕਾਰਡ ਤੋਂ ਵੀ ਜਾਣੂ ਕਰਵਾਇਆ ਗਿਆ , ਜਿੱਥੇ ਮਜ਼ਦੂਰ ਆਗੂ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਗਏ ਹਨ।
Advertisement