ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਤਕਨੀਕੀ ਨੁਕਤਿਆਂ ਸਬੰਧੀ ਖੇਤੀ ਮਾਹਰਾਂ ਨਾਲ ਕੀਤਾ ਜਾਵੇ ਰਾਬਤਾ
ਪਰਦੀਪ ਕਸਬਾ , ਬਰਨਾਲਾ, 8 ਜੂਨ 2021
ਕਰੋਨਾ ਵਾਇਰਸ ਦੇ ਚਲਦਿਆਂ ਝੋਨੇ ਦੀ ਲਵਾਈ ਲਈ ਮਜਦੂਰਾਂ ਦੀ ਸੰਭਾਵਤ ਘਾਟ ਨੂੰ ਮੁੱਖ ਰੱਖਦਿਆਂ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਜਾ ਰਹੀ ਹੈ।
ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸਾਂ ਤਹਿਤ ਡਾ. ਚਰਨਜੀਤ ਸਿੰਘ ਕੈਂਥ, ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਦੀ ਅਗਵਾਈ ਹੇਠ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੀ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਮੁੱਖ ਖੇਤੀਬਾੜੀ ਅਫਸਰ,ਬਰਨਾਲਾ ਵੱਲੋਂ ਵੱਖ-ਵੱਖ ਪਿੰਡਾਂ ਦੇ ਦੌਰੇ ਕਰਕੇ ਕਿਸਾਨਾਂ ਨਾਲ ਰਾਬਤਾ ਕਰਦਿਆਂ ਝੋਨੇ ਦੀ ਸਿੱਧੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਡਾ. ਕੈਂਥ ਵੱਲੋਂ ਪਿੰਡ ਠੀਕਰੀਵਾਲ ਅਤੇ ਗਹਿਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਿਸਾਨ ਦਰਸ਼ਨ ਸਿੰਘ, ਪਿੰਡ ਠੀਕਰੀਵਾਲ ਨੇ ਆਪਣੇ ਖੇਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿੱਥੇ ਉਨ੍ਹਾਂ ਵੱਲੋਂ ਡੀ.ਐਸ.ਆਰ.ਮਸ਼ੀਨ ਨਾਲ ਸਾਢੇ ਸੱਤ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।
ਡਾ.ਚਰਨਜੀਤ ਸਿੰਘ ਕੈਂਥ ਨੇ ਇਸ ਮੌਕੇ ਮੌਜੂਦ ਕਿਸਾਨਾਂ ਨੂੰ ਦੱਸਿਆ ਕਿ ਝੋਨੋ ਦੀ ਸਿੱਧੀ ਬਿਜਾਈ ਜਿੱਥੇ ਧਰਤੀ ਹੇਠਲੇ ਪਾਣੀ ਦੇ ਡਿਗਦੇ ਮਿਆਰ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਉੱਥੇ ਹੀ ਝੋਨੇ ਦੀ ਲਵਾਈ ਸਮੇਂ ਮਜਦੂਰਾਂ ਦੀ ਸੰਭਾਵਤ ਘਾਟ ਦਾ ਇੱਕ ਬੇਹਤਰ ਬਦਲ ਹੈ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਵਿੱਚ ਸਿੱਧੀ ਬਿਜਾਈ ਨਾਲ ਕਾਸ਼ਤ ਕੀਤੀ ਝੋਨੇ ਦੀ ਫ਼ਸਲ ਚੰਗਾ ਝਾੜ ਅਤੇ ਮਿਆਰ ਦਿੰਦੀ ਹੈ, ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦਾ ਹੈ, ਉਹ ਖੇਤੀ ਮਾਹਰਾਂ ਨਾਲ ਸੰਪਰਕ ਕਰੇ ਤਾਂ ਜੋ ਸਹੀ ਤਕਨੀਕੀ ਅਗਵਾਈ ਕੀਤੀ ਜਾ ਸਕੇ ਅਤੇ ਕਿਸਾਨ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਦੀ ਸਿੱਧੀ ਬਿਜਾਈ ਅਤੇ ਬਾਸਮਤੀ ਦੀ ਬਿਜਾਈ ਲਈ ਦੂਜਾ ਪੰਦਰਵਾੜਾ ਢੁਕਵਾਂ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਵਿੱਚ ਦਿਲਚਸਪੀ ਲੈ ਰਹੇ ਹਨ ਅਤੇ ਕਈ ਕਿਸਾਨ ਪਹਿਲੀ ਵਾਰ ਇਸ ਤਕਨੀਕ ਨੂੰ ਅਪਣਾ ਰਹੇ ਹਨ, ਉਨ੍ਹਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਪਵੇਗਾ ਇਸ ਲਈ ਕਿਸਾਨਾਂ ਨੂੰ ਖੇਤੀ ਮਾਹਰਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਕਿਸਾਨ ਹਰਦੇਵ ਸਿੰਘ ਗਹਿਲ ਨੇ ਦੱਸਿਆ ਕਿ ਉਸ ਨੇ 9 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਣ ਦੀ ਸੰਭਾਵਨਾ ਹੈ।
ਇਸ ਮੌਕੇ ਡਾ. ਲਖਵੀਰ ਸਿੰਘ ਖੇਤੀਬਾੜੀ ਅਫ਼ਸਰ, ਡਾ.ਸੁਖਪਾਲ ਸਿੰਘ, ਡਾ. ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਬੇਅੰਤ ਸਿੰਘ ਤਨਕੀਨੀਸ਼ਨ, ਕਿਸਾਨ ਦਰਸ਼ਨ ਸਿੰਘ, ਹਰਦਿਆਲ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ