9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਬਲੀਦਾਨ ਦਿਵਸ ਮਨਾਇਆ ਜਾਵੇਗਾ।
ਪਰਦੀਪ ਕਸਬਾ , ਬਰਨਾਲਾ: 7 ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 250 ਵੇਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ।
ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਇਤਿਹਾਸ ਨੂੰ ਇੰਕ ਨਵਾਂ ਮੋੜ ਦਿੱਤਾ। ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਇਲਾਵਾ ਉਨਾਂ ਨੂੰ ਇਸ ਕਰਕੇ ਵੀ ਯਾਦ ਕੀਤਾ ਕਿ ਜਾਗੀਰਦਾਰਾਂ ਤੋਂ ਜਮੀਨਾਂ ਲੈਕੇ ਹਲਵਾਹਕਾਂ ਦੇ ਹਵਾਲੇ ਕਰਨ੍ਹ ਵਾਲੇ ਉਹ ਪਹਿਲੇ ਸ਼ਾਸ਼ਕ ਸਨ 9 ਜੂਨ ਨੂੰ ਬਰਨਾਲਾ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਦਾ ਬਲੀਦਾਨ ਦਿਵਸ ਮਨਾਇਆ ਜਾਵੇਗਾ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਬਲਵੰਤ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਾਹੌਰ, ਕਾਕਾ ਸਿੰਘ ਫਰਵਾਹੀ, ਮਨਜੀਤ ਰਾਜ,ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਗੁਰਮੇਲ ਸ਼ਰਮਾ, ਗੁਰਨਾਮ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਹਰਿਆਣਾ ਦੇ ਟੋਹਾਨਾ ਕਸਬੇ ਵਿੱਚ ਕਿਸਾਨ ਤਿੰਨ ਦਿਨ ਤੋਂ ਕਿਸਾਨਾਂ ਵਿਰੁੱਧ ਦਰਜ ਕੇਸ ਰੱਦ ਕਰਵਾਉਣ ਲਈ ਧਰਨੇ ‘ਤੇ ਬੈਠੇ ਹਨ। ਪਰ ਹਰਿਆਣਾ ਸਰਕਾਰ ਨੇ ਹੱਠ ਧਾਰੀ ਹੋਈ ਹੈ ਅਤੇ ਕੇਸ ਵਾਪਸ ਨਹੀਂ ਲੈ ਰਹੀ। ਪਰ ਕਿਸਾਨਾਂ ਨੇ ਜਿਵੇਂ ਹੈਂਕੜਬਾਜ਼ ਵਿਧਾਇਕ ਤੋਂ ਮਾਫੀ ਮੰਗਵਾਈ ਹੈ, ਉਸੇ ਤਰ੍ਹਾਂ ਇਹ ਕੇਸ ਵੀ ਰੱਦ ਕਰਵਾ ਕੇ ਹੀ ਦਮ ਲੈਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਲੜਾਈ ਬਹੁਤ ਤਾਕਤਵਰ ਧਿਰ ਦੇ ਖਿਲਾਫ਼ ਹੈ। ਆਈਐਮਐਫ,ਸੰਸਾਰ ਬੈਂਕ ਅਤੇ ਸੰਸਾਰ ਪੱਧਰ ਦੀਆਂ ਹੋਰ ਕਈ ਸੰਸਥਾਵਾਂ, ਜੋ ਸਰਮਾਏਦਾਰ ਜਮਾਤ ਦੇ ਹਿੱਤਾਂ ਦੀ ਨੁੰਮਾਇਦਗੀ ਕਰਦੀਆਂ ਹਨ, ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰ ਰਹੀਆਂ ਹਨ। ਸਿਰਫ ਭਾਰਤੀ ਕਾਰਪੋਰੇਟ ਘਰਾਣੇ ਹੀ ਨਹੀਂ, ਸੰਸਾਰ ਭਰ ਦੀਆਂ ਕਾਰਪੋਰੇਟੀ ਗਿਰਝਾਂ ਭਾਰਤ ਦੇ ਖੇਤੀ ਖੇਤਰ ‘ਤੇ ਨਜ਼ਰਾਂ ਟਿਕਾਈ ਬੈਠੇ ਹਨ। ਇਨ੍ਹਾਂ ਦੇਸ਼ੀ ਤੇ ਵਿਦੇਸ਼ੀ ਖੇਤੀ-ਕਾਰੋਬਾਰੀ ਕੰਪਨੀਆਂ ਦਾ ਭਾਰਤ ਸਰਕਾਰ ਉਪਰ ਬਹੁਤ ਵੱਡਾ ਦਬਾਅ ਹੈ ਕਿ ਇਹ ਕਾਲੇ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ। ਪਰ ਕਿਸਾਨ ਆਗੂਆਂ ਨੂੰ ਇਹ ਅੰਦੋਲਨ ਸ਼ੁਰੂ ਕਰਨ ਸਮੇਂ ਹੀ ਵਿਰੋਧੀ ਧਿਰ ਵਿੱਚ ਸ਼ਾਮਲ ਤਾਕਤਾਂ ਦਾ ਪਤਾ ਸੀ। ਇਖਲਾਕ ਤੇ ਏਕੇ ਦੇ ਜ਼ੋਰ ‘ਤੇ ਅਸੀਂ ਇਨ੍ਹਾਂ ਕਾਲੀਆਂ ਤਾਕਤਾਂ ਨੂੰ ਹਰਾ ਕੇ ਰਹਾਂਗੇ। ਸਾਡੀ ਲੜਾਈ ਹੋਰ ਲੰਬੀ ਹੋ ਸਕਦੀ ਹੈ ਪਰ ਅਸੀਂ ਪੂਰੀ ਸਿਦਕਦਿਲੀ ਤੇ ਦ੍ਰਿੜ ਇਰਾਦੇ ਨਾਲ ਜਿੱਤ ਹਾਸਲ ਕਰਨ ਤੱਕ ਮੈਦਾਨ ‘ਚ ਡਟੇ ਰਹਾਂਗੇ। ਅੱਜ ਸਾਧੂ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥੇ ਨੇ ਆਪਣੀਆਂ ਜ਼ੋਸੀਲੀਆਂ ਵਾਰਾਂ ਨਾਲ ਪੰਡਾਲ ਵਿੱਚ ਜੋਸ਼ ਭਰਿਆ। ਰੁਲਦੂ ਸਿੰਘ ਸ਼ੇਰੋਂ ਨੇ ਇਨਕਲਾਬੀ ਗੀਤ ਗਾਏ।