ਅਫਵਾਹ ਫੈਲਾਉਣ ਵਾਲੇ ਦੀ ਹੋਈ ਸ਼ਨਾਖਤ, ਦੋਸ਼ੀ ਗਿਰਫ਼ਤਾਰ!
–
ਹਰਿੰਦਰ ਨਿੱਕਾ , ਬਰਨਾਲਾ 7 ਜੂਨ 2021
ਜਿਲ੍ਹੇ ਦੇ ਪ੍ਰਸਿੱਧ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੂੰ ਪੁਲਿਸ ਵੱਲੋਂ ਗਿਰਫਤਾਰ ਕੀਤੇ ਜਾਣ ਦੀ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਖਬਰ ਦਾ ਸੱਚ ਸਾਹਮਣੇ ਆ ਗਿਆ ਹੈ। ਤਹਿਕੀਕਾਤ ਤੋਂ ਬਾਅਦ ਖਬਰ ਨਿਰਾ ਝੂਠ ਤੇ ਪੂਰੀ ਤਰ੍ਹਾਂ ਤੇ ਬੇਬੁਨਿਆਦ ਨਿੱਕਲੀ। ਡਾਕਟਰ ਮਨਪ੍ਰੀਤ ਸਿੱਧੂ ਨੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਲਈ ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨੂੰ ਸ਼ਕਾਇਤ ਵੀ ਕੀਤੀ ਗਈ ਹੈ। ਪੁਲਿਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਨੇ ਝੂਠੀ ਅਫਵਾਹ ਫੈਲਾਉਣ ਵਾਲੇ ਦੀ ਸ਼ਨਾਖਤ ਵੀ ਕਰ ਲਈ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਦੋਸ਼ੀ ਨੂੰ ਸੇਖਾ ਪਿੰਡ ਤੋਂ ਗਿਰਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਰੰਤੂ ਕਿਸੇ ਵੀ ਪੁਲਿਸ ਅਧਿਕਾਰੀ ਨੇ ਦੋਸ਼ੀ ਦੀ ਗਿਰਫਤਾਰੀ ਦੀ ਪੁਸ਼ਟੀ ਨਹੀਂ ਕੀਤੀ।
ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਅਜਿਹੀ ਕੋਈ ਘਟਨਾ ਮੇਰੇ ਹਸਪਤਾਲ ਵਿੱਚ ਨਹੀਂ ਵਾਪਰੀ ਅਤੇ ਮੈਂ ਆਪਣੇ ਹਸਪਤਾਲ ਵਿੱਚ ਬੈਠਾ ਮਰੀਜ਼ਾਂ ਦੀ ਜਾਂਚ ਕਰ ਰਿਹਾ ਹਾਂ। ਜਿਨ੍ਹਾਂ ਨੇ ਇਹ ਪੋਸਟ ਸੋਸ਼ਲ ਮੀਡੀਆ ਉੱਪਰ ਪਾਈ ਹੈ,ਉਨ੍ਹਾਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦੇ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਏ ਤੇ ਫਰਜ਼ੀ ਪੋਸਟ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਹੋ ਗਈ ਹੈ। ਬੜੀ ਜਲਦੀ ਹੀ ਉਹ ਪੁਲੀਸ ਦੇ ਕਬਜ਼ੇ ਵਿੱਚ ਹੋਣਗੇ ਅਤੇ ਜੋ ਬੰਦੇ ਇਸ ਪੋਸਟ ਨੂੰ ਅੱਗੇ ਸ਼ੇਅਰ ਕਰ ਰਹੇ ਹਨ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋਵੇਗੀ।
ਡਾ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕੁਝ ਲੋਕ ਮੇਰੇ ਕਿੱਤੇ ਨਾਲ ਖਾਰ ਰੱਖਦੇ ਹਨ, ਜੋ ਜਾਣ ਬੁੱਝ ਕਿ ਅਫ਼ਵਾਹਾਂ ਫੈਲਾ ਰਹੇ ਹਨ । ਉਨ੍ਹਾਂ ਸਮੁੱਚੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਅਫਵਾਹ ਵਿੱਚ ਨਾ ਆਉਣ ।