ਜਮਹੂਰੀ ਚੇਤਨਾ ਪਰਸਾਰ ਪੰਦਰਵਾੜਾ ਦਾ ਅਸਲ ਮਕਸਦ ਲੋਕਾਂ ਦੀ ਚੇਤਨਾ ਵਿੱਚ ਵਾਧਾ ਕਰਨਾ – ਏ ਐਫ ਡੀ ਆਰ
ਪਰਦੀਪ ਕਸਬਾ , ਬਰਨਾਲਾ: 5 ਜੂਨ, 2021
ਸਰਕਾਰ ਵੱਲੋਂ ਬਹੁ-ਚਰਚਿਤ ਭੀਮਾ ਕੋਰੇਗਾਉਂ ਕੇਸ ਵਿੱਚ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਦਾ ਅਮਲ 6 ਜੂਨ, 2018 ਨੂੰ ਸ਼ੁਰੂ ਕੀਤਾ ਗਿਆ। ਉਸ ਦਿਨ ਮਹਾਂਰਾਸ਼ਟਰਾ ਪੁਲੀਸ ਨੇ ਪ੍ਰਮੁੱਖ ਬੁੱਧੀਜੀਵੀਆਂ ਸੁਰਿੰਦਰ ਗੈਡਲਿੰਗ, ਸੁਧੀਰ ਧਾਵਲੇ, ਰੋਨਾ ਵਿਲਸਨ, ਸੋਮਾ ਸੈਨ, ਮਾਹੇਸ਼ ਰਾਊਤ ਨੂੰ ਗ੍ਰਿਫਤਾਰ ਕੀਤਾ। ਉਸ ਦਿਨ ਤੋਂ ਸ਼ੁਰੂ ਹੋਇਆ ਗ੍ਰਿਫਤਾਰੀਆਂ ਦਾ ਇਹ ਸਿਲਸਿਲਾ ਤਿੰਨ ਸਾਲ ਤੋਂ ਲਗਾਤਾਰ ਜਾਰੀ ਹੈ ਅਤੇ ਸਰਕਾਰ ਹੁਣ ਤੱਕ 16 ਬੁੱਧੀਜੀਵੀਆਂ ਨੂੰ ਇਸ ਝੂਠੇ ਕੇਸ ਦੇ ਬਹਾਨੇ ਸਲਾਖਾਂ ਪਿੱਛੇ ਬੰਦ ਕਰ ਚੁੱਕੀ ਹੈ। ਇਸ ਤੋਂ ਇਲਾਵਾ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਜੇਐਨਯੂ, ਜਾਮੀਆ ਮਿਲੀਆ ਤੇ ਦਿੱਲੀ ਯੂਨੀਵਰਸਿਟੀ ਦੇ ਦਰਜਨਾਂ ਵਿਦਿਆਰਥੀਆਂ ਤੇ ਹੋਰ ਕਾਰਕੁੰਨਾਂ ਨੂੰ ਦਿੱਲੀ ਕਤਲੇਆਮ ਨਾਲ ਸਬੰਧਤ ਝੂਠੇ ਕੇਸਾਂ ਬਹਾਨੇ ਜੇਲ੍ਹੀਂ ਡੱਕ ਛੱਡਿਆ ਹੈ। ਇਨ੍ਹਾਂ ਗ੍ਰਿਫਤਾਰੀਆਂ ਬਾਰੇ ਜਮਹੂਰੀ ਚੇਤਨਾ ਦਾ ਪਰਸਾਰ ਕਰਨ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ 6 ਜੂਨ ਤੋਂ ਸ਼ੁਰੂ ਹੋਣ ਵਾਲੇ ਪੰਦਰਵਾੜੇ ਨੂੰ ਜਮਹੂਰੀ ਚੇਤਨਾ ਪਰਸਾਰ ਪੰਦਰਵਾੜੇ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।
ਇਸ ਸਬੰਧ ਵਿੱਚ ਕੱਲ੍ਹ ਸਭਾ ਦੀ ਬਰਨਾਲਾ ਇਕਾਈ ਦੀ ਕਾਰਜਕਾਰਨੀ ਦੀ ਮੀਟਿੰਗ ਤਰਕਸ਼ੀਲ ਭਵਨ ਵਿੱਚ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਲਈ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਸੋਹਨ ਸਿੰਘ ਮਾਝੀ ਤੇ ਪ੍ਰੈੱਸ ਸਕੱਤਰ ਹਰਚਰਨ ਸਿੰਘ ਚਹਿਲ ਨੇ ਦੱਸਿਆ ਕਿ ਇਸ ਸਬੰਧ ‘ਚ 14 ਜੂਨ ਨੂੰ ਸਵੇਰੇ ਨੌ ਵਜੇ ਤਰਕਸ਼ੀਲ ਭਵਨ ਬਰਨਾਲਾ ਵਿੱਚ ਇੱਕ ਸੈਨੀਮਾਰ ਕਰਵਾਇਆ ਜਾਵੇਗਾ ਜਿਸ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਐਡਵੋਕੇਟ ਸੁਦੀਪ ਸਿੰਘ ਬਠਿੰਡਾ ਸੰਬੋਧਨ ਕਰਨਗੇ। ਆਗੂਆਂ ਨੇ ਸਾਰੇ ਜਮਹੂਰੀ ਤੇ ਇਨਸਾਫ ਪਸੰਦ ਨਾਗਰਿਕਾਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪਰਮਜੀਤ ਕੌਰ ਜੋਧਪੁਰ, ਕਮਲਜੀਤ ਕੌਰ, ਹਰਚਰਨ ਸਿੰਘ ਪੱਤੀ,ਮਾਸਟਰ ਗੁਲਵੰਤ ਸਿੰਘ, ਬਿੱਕਰ ਸਿੰਘ ਔਲਖ,ਹੇਮ ਰਾਜ ਸਟੈਨੋ, ਹਰਜਿੰਦਰ ਸਿੰਘ ਹਰੀਗੜ, ਜਗਜੀਤ ਸਿੰਘ ਢਿੱਲਵਾਂ ਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ।