ਟਰਾਈਡੈਂਟ ਵੱਲੋਂ ਪੰਜਾਬ ਸਰਕਾਰ ਨੂੰ 100 ਆਕਸੀਜਨ ਕਨਸਨਟ੍ਰੈਟਰ ਸਿਲੰਡਰ ਕੋਰੋਨਾ ਖਿਲਾਫ਼ ਲੜਾਈ ਲੜਨ ਲਈ ਦਿੱਤੇ ਗਏ
10 ਸਿਲੰਡਰ ਜ਼ਿਲ੍ਹਾ ਬਰਨਾਲਾ ਅਤੇ ਬਾਕੀ ਦੇ 90 ਹੋਰ ਜ਼ਿਲ੍ਹਿਆਂ ਨੂੰ ਦਿੱਤੇ ਜਾਣਗੇ
ਪਰਦੀਪ ਕਸਬਾ , ਬਰਨਾਲਾ, 7 ਜੂਨ 2021
ਟਰਾਈਡੈਂਟ ਗਰੁੱਪ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ ਚ ਪੰਜਾਬ ਸਰਕਾਰ ਨੂੰ ਕੋਰੋਨਾ ਖਿਲਾਫ ਲੜਾਈ ਲੜਨ ਲਈ 100 ਆਕਸੀਜਨ ਕਨਸਨਟ੍ਰੈਟਰ ਸਿਲੰਡਰ ਦਿੱਤੇ ਗਏ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਵਿਚੋਂ ਜ਼ਿਲ੍ਹਾ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਨੂੰ 10-10, ਮੋਗਾ, ਕਪੂਰਥਲਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ 20-20 ਭੇਜੇ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਟਰਾਈਡੈਂਟ ਗਰੁੱਪ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਗਰੁੱਪ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਆਮ ਜਨਤਾ ਨੂੰ ਰਾਹਤ ਦੇਣ ਲਈ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਲੰਡਰ ਕੋਰੋਨਾ ਪੀੜਤਾਂ ਲਈ ਅਤਿ ਸਹਾਇ ਹਨ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਬ੍ਰੇਵ ਹਰਟ ਸੰਸਥਾ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ 23 ਆਕਸੀਜਨ ਕਨਸਨਟ੍ਰੈਟਰ ਸਿਲੰਡਰ ਦਿੱਤੇ ਗਏ ਸਨ। ਇਹ ਸਾਰੇ ਸਿਲੰਡਰ ਲੋੜ ਅਨੁਸਾਰ ਵੱਖ-ਵੱਖ ਸਿਹਤ ਕੇਂਦਰਾਂ ਨੂੰ ਦਿੱਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਕਨਸਨਟ੍ਰੈਟਰ ਸਿਲੰਡਰ ਬੈਂਕ ਵੀ ਬਣਾਇਆ ਗਿਆ ਹੈ, ਜਿੱਥੇ ਘਰਾਂ ਚ ਇਕਾਂਤਵਾਸ ਚ ਰਹਿ ਰਹੇ ਕੋਵਿਡ ਮਰੀਜ਼ਾਂ ਨੂੰ ਸਿਲੰਡਰ ਦਿੱਤਾ ਜਾਂਦਾ ਹੈ। ਘਰ ਚ ਰਹਿ ਰਹੇ ਮਰੀਜ਼ ਲਈ ਸਿਲੰਡਰ ਲੈਣ ਲਈ ਕੋਈ ਵੀ ਵਿਅਕਤੀ ਜ਼ਿਲ੍ਹਾ ਰੈਡ ਕ੍ਰਾਸ ਸੋਸਾਇਟੀ ਵਿਖੇ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਟਰਾਈਡੈਂਟ ਗਰੁੱਪ ਦੇ ਸਲਾਹਕਾਰ ਸ਼੍ਰੀ ਗੁਰਲਵਲੀਨ ਸਿੱਧੂ, ਸਾਬਕਾ ਆਈ.ਏ.ਐੱਸ ਅਫ਼ਸਰ, ਨੇ ਦੱਸਿਆ ਕਿ ਮਹਾਮਾਰੀ ਦੇ ਦੌਰ ਵਿਚ ਟਰਾਈਡੈਂਟ ਗਰੁੱਪ ਵੱਲੋਂ ਲੋਕਾਂ ਦੀ ਨਿਰੰਤਰ ਮੱਦਦ ਕੀਤੀ ਜਾ ਰਹੀ ਹੈ। ਮਾਸਕ, ਸੈਨੇਟਾਈਜ਼ਰ ਆਦਿ ਦੀ ਵੰਡ ਤੋਂ ਇਲਾਵਾ ਟਰਾਈਡੈਂਟ ਗਰੁੱਪ ਵੱਲੋ ਕਨਸਨਟ੍ਰੈਟਰ ਸਿਲੰਡਰ ਅਤੇ ਹੋਰ ਚੀਜ਼ਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਡੇਚਲਵਾਲ, ਟਰਾਈਡੈਂਟ ਗਰੁੱਪ ਤੋਂ ਸ਼੍ਰੀ ਰੁਪਿੰਦਰ ਗੁਪਤਾ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਅਤੇ ਵੱਖ-ਵੱਖ ਅਦਾਰਿਆਂ ਦੇ ਪੱਤਰਕਾਰ ਵੀ ਹਾਜ਼ਰ ਸਨ।