ਸਮੂਹ ਡਵੀਜ਼ਨਾਂ ਨੂੰ ਆਪਣੀਆਂ ਤਿਆਰੀਆਂ ਵਧਾਉਣ ਅਤੇ ਪੇਸ਼ੇਵਾਰ ਸਿਖਲਾਈ ਪ੍ਰਤੀ ਉਨ੍ਹਾਂ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ
ਬਲਵਿੰਦਰਪਾਲ , ਪਟਿਆਲਾ, 4 ਜੂਨ; 2021
ਲੈਫ਼ਟੀਨੈਂਟ ਜਨਰਲ ਆਰ.ਪੀ. ਸਿੰਘ ਸੈਨਾ ਕਮਾਂਡਰ ਪੱਛਮੀ ਕਮਾਂਡ ਨੇ ਅੱਜ ਏਰਾਵਤ ਡਿਵੀਜ਼ਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਿਖਲਾਈ ਲਈ ਵਰਤੀਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਨ ’ਤੇ ਅਧਿਕਾਰੀਆਂ ਦੀ ਸਰਹਾਨਾਂ ਕਰਦਿਆ ਕਿਹਾ ਕਿ ਕੋਵਿਡ ਕਾਰਨ ਲੱਗੀਆਂ ਪਾਬੰਦੀਆਂ ਦੀ ਪਾਲਣਾ ਕਰਦੇ ਹੋਏ ਡਵੀਜ਼ਨ ਵੱਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਸਮੂਹ ਡਵੀਜ਼ਨਾਂ ਨੂੰ ਆਪਣੀਆਂ ਤਿਆਰੀਆਂ ਵਧਾਉਣ ਅਤੇ ਪੇਸ਼ੇਵਾਰ ਸਿਖਲਾਈ ਪ੍ਰਤੀ ਉਨ੍ਹਾਂ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।
ਲੈਫ਼ਟੀਨੈਂਟ ਜਨਰਲ ਆਰ.ਪੀ. ਸਿੰਘ ਨੇ ਕਿਹਾ ਸਾਰੇ ਅਹੁਦਿਆਂ ’ਤੇ ਤਾਇਨਾਤ ਅਧਿਕਾਰੀ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਲਈ ਆਪਣੀ ਟਰੇਨਿੰਗ ਨੂੰ ਨਿਰੰਤਰ ਜਾਰੀ ਰੱਖਣ। ਆਪਣੀ ਫੇਰੀ ਦੌਰਾਨ ਉਨ੍ਹਾਂ ਸਥਾਨਕ ਆਰਮੀ ਵੱਲੋਂ ਕੋਵਿਡ ਦੌਰਾਨ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ।
ਇਸ ਮੌਕੇ ਏਰਾਵਤ ਡਵੀਜ਼ਨ ਦੇ ਅਧਿਕਾਰੀਆਂ ਨੇ ਸਥਾਨਕ ਲੋਕਾਂ ਲਈ ਕੋਵਿਡ ਤੋਂ ਬਚਾਅ ਲਈ ਆਰਮੀ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਵੈਸਟਰਨ ਕਮਾਂਡ ਕੋਵਿਡ ਹਸਪਤਾਲ ਚਲਾਇਆ ਜਾ ਰਿਹਾ ਹੈ। ਲੈਫ਼ਟੀਨੈਂਟ ਜਨਰਲ ਆਰ.ਪੀ ਸਿੰਘ ਨੇ ਕਰਨਲ ਮਨੋਜ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਅਤੇ ਆਰਮੀ ਵੱਲੋਂ ਸਿਵਲੀਅਨਾਂ ਦੀ ਸੇਵਾ ਲਈ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।