ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 25 ਮਈ 2021
ਜਿਲ੍ਹੇ ਅੰਦਰ ਲੱਗਭੱਗ ਆਪਣੀ ਹੋਂਦ ਗੁਆ ਚੁੱਕੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਬੀਕੇਯੂ ਲੱਖੋਵਾਲ ਨੂੰ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਦਾ ਸਾਥ ਮਿਲ ਗਿਆ। ਯੂਨੀਅਨ ਦੇ ਜਨਰਲ ਸਕੱਤਰ ਅਤੇ ਯੂਨੀਅਨ ਦੇ ਕੌਮੀ ਪ੍ਰਧਾਨ ਤੇ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਦੇ ਪੁੱਤਰ ਹਰਿੰਦਰ ਸਿੰਘ ਲੱਖੋਵਾਲ ਮੰਗਲਵਾਰ ਨੂੰ ਭੋਲਾ ਸਿੰਘ ਵਿਰਕ ਦੀ ਰਿਹਾਇਸ਼ ਤੇ ਅਚਾਣਕ ਪਹੁੰਚ ਗਏ। ਦੋਵਾਂ ਆਗੂਆਂ ਦਰਮਿਆਨ ਕਾਫੀ ਸਮਾਂ ਬੰਦ ਕਮਰਾ ਮੀਟਿੰਗ ਵੀ ਹੋਈ। ਮੀਟਿੰਗ ਤੋਂ ਬਾਅਦ ਦੋਵਾਂ ਹੀ ਆਗੂ ਮੀਡੀਆ ਦੇ ਰੂਬਰੂ ਵੀ ਹੋਏ। ਮੀਟਿੰਗ ਉਪਰੰਤ ਲੱਖੋਵਾਲ ਨੇ ਪ੍ਰੈਸ ਦੇ ਰੂਬਰੂ ਹੋ ਕੇ ਭੋਲਾ ਸਿੰਘ ਵਿਰਕ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਕੋਈ ਵੱਡੀ ਜਿੰਮੇਵਾਰੀ ਸੌਂਪਣ ਦਾ ਵਿਸ਼ੇਸ਼ ਤੌਰ ਤੇ ਜਿਕਰ ਵੀ ਕੀਤਾ।
ਇਸ ਮੌਕੇ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਨੇ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ’ਚ ਕੁੱਦਦਿਆਂ ਮਿਲੀ ਜਿੰਮੇਵਾਰੀ ਸਵੀਕਾਰ ਕਰਦਿਆਂ ਆਪਣੇ ਸਮਰੱਥਕਾਂ ਨਾਲ ਵਿਚਾਰ ਵਟਾਂਦਰੇ ਨਾਲ ਅਗਾਮੀ ਦਿਨਾਂ ’ਚ ਜਿੱਥੇ ਵੱਡੇ ਐਲਾਨ ਦਾ ਵੀ ਭਰੋਸਾ ਦਿੱਤਾ, ਉੱਥੇ ਹੀ 26 ਮਈ ਦਿਨ ਬੁੱਧਵਾਰ ਨੂੰ ਭਾਕਿਯੂ ਲੱਖੋਵਾਲ ਦੇ ਸੱਦੇ ’ਤੇ ਰੋਸ ਪ੍ਰਦਰਸ਼ਨ ’ਚ ਖ਼ੁਦ ਸ਼ਮੂਲੀਅਤ ਕਰਨ ਤੇ ਲੋਕਾਂ ਨੂੰ ਵੀ ਇਸ ਦਾ ਸਮਰੱਥਨ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਮਹਿਲਾ ਆਗੂ ਐਡਵੋਕੇਟ ਮਨਵੀਰ ਸਿੰਘ ਰਾਹੀ, ਚਰਨਜੀਤ ਸਿੰਘ ਛੀਨੀਵਾਲ ਖੁਰਦ, ਹਰਬੰਸ ਸਿੰਘ ਸਾਬਕਾ ਸਰਪੰਚ ਦੀਪਗੜ੍ਹ, ਕਰਮ ਸਿੰਘ ਦੀਪਗੜ੍ਹ, ਜਤਿੰਦਰ ਸਿੰਘ ਦੀਪਗੜ੍ਹ, ਜਸਵੀਰ ਸਿੰਘ ਦੀਪਗੜ੍ਹ, ਜੱਸਾ ਸਿੰਘ ਦੀਪਗੜ੍ਹ, ਮਨਜਿੰਦਰ ਸਿੰਘ ਦੀਪਗੜ੍ਹ, ਜਗਤਾਰ ਸਿੰਘ ਫਰਵਾਹੀ, ਨੈਬ ਸਿੰਘ ਪੱਖੋਕੇ, ਲਖਵੀਰ ਸਿੰਘ ਨੰਬਰਦਾਰ ਫਰਵਾਹੀ, ਕਾਕਾ ਸਿੰਘ ਫਰਵਾਹੀ, ਗੁਰਜੰਟ ਸਿੰਘ ਸਾਬਕਾ ਸਰਪੰਚ ਚੰਨਣਵਾਲ, ਜਰਨੈਲ ਸਿੰਘ ਚੰਨਣਵਾਲ, ਕੈਲਾਸ਼ ਰਾਜਸਥਾਨੀ, ਜਗਸੀਰ ਸਿੰਘ ਗਹਿਲਾ, ਹਰਪਾਲ ਸਿੰਘ ਵਿਰਕ, ਪੂਰਨ ਸਿੰਘ ਸੁੱਖਪੁਰਾ ਮੌੜ, ਜਰਨੈਲ ਸਿੰਘ ਭਦੌੜ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਦਾਰਾ ਸਿੰਘ ਪੱਤੀ ਸੇਖਵਾਂ, ਅਮਨਦੀਪ ਸਿੰਘ ਘੁੰਮਾਣ ਆਦਿ ਭੋਲਾ ਸਿੰਘ ਵਿਰਕ ਦੇ ਸਮਰੱਥਕ ਹਾਜ਼ਰ ਸਨ।
ਵਿਰਕ ਨਾਲ ਜੱਥੇਬੰਦੀ ਹੋਵੇਗੀ ਹੋਰ ਮਜ਼ਬੂਤ- ਲੱਖੋਵਾਲ
ਭਾਕਿਯੂ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਹ ਜਿੱਥੇ ਬੇਦਾਗ਼ ਸਿਆਸੀ ਆਗੂ ਵਜੋਂ ਲੋਕਾਂ ’ਚ ਵਿਚਰੇ ਹਨ, ਉੱਥੇ ਹੀ ਸਮਾਜ ਸੇਵਾ ’ਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਹੈ, ਜਿਸ ਕਰਕੇ ਉਹ ਲੋਕਾਂ ਦੇ ਹਰਮਨ ਪਿਆਰੇ ਹਨ। ਭਾਕਿਯੂ ਲੱਖੋਵਾਲ ਦੇ ਪ੍ਰਧਾਨ ਅਜ਼ਮੇਰ ਸਿੰਘ ਲੱਖੋਵਾਲ ਨਾਲ ਉਨ੍ਹਾਂ ਦੀ ਪਰਿਵਾਰਿਕ ਸਾਂਝ ਹੈ, ਇਸ ਲਈ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ’ਚ ਹੁਣ ਭੋਲਾ ਸਿੰਘ ਵਿਰਕ ਜਿਹੇ ਆਗੂਆਂ ਦੀ ਅਗਵਾਈ ਦੀ ਲੋੜ ਹੈ। ਅਗਾਮੀ ਦਿਨਾਂ ’ਚ ਭਾਕਿਯੂ ਲੱਖੋਵਾਲ ਦੀ ਕਿਸੇ ਵੱਡੀ ਜਿੰਮੇਵਾਰੀ ’ਤੇ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਨੂੰ ਨਿਯੁਕਤ ਕੀਤਾ ਜਾਵੇਗਾ। ਜਿਸ ਨਾਲ ਜੱਥੇਬੰਦੀ ਹੋਰ ਮਜ਼ਬੂਤ ਹੋਵੇਗੀ।
ਮੈਂ ਕਿਸਾਨ ਦਾ ਪੁੱਤ ਹਾਂ ਤੇ ਕਿਸਾਨ ਸੰਘਰਸ਼ ਦੇ ਪੂਰੀ ਤਰਾਂ ਨਾਲ – ਭੋਲਾ ਸਿੰਘ ਵਿਰਕ
ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਨੇ ਆਪਣੇ ਭਰਾ ਪਾਲ ਸਿੰਘ ਵਿਰਕ ਤੇ ਸਮਰੱਥਕਾਂ ਦੀ ਹਾਜ਼ਰੀ ’ਚ ਭਾਕਿਯੂ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦਾ ਵਿਰਕ ਕੰਪਲੈਕਸ ਪੁੱਜਣ ’ਤੇ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਵਲੋਂ ਜੱਥੇਬੰਦੀ ਦੀ ਜਿੰਮੇਵਾਰੀ ਦੇਣ ’ਤੇ ਵੀ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ, ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਹਾਂ, ਜਿੱਥੇ ਉਹ ਦਿੱਲੀ ’ਚ ਚੱਲ ਰਹੇ ਵੱਖ-ਵੱਖ ਥਾਵਾਂ ’ਤੇ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਏ ਹਨ, ਉੱਥੇ ਹੀ ਉਹ ਆਪਣੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀ, ਅਧਿਆਪਕ ਤੇ ਹੋਰ ਸਟਾਫ਼ ਸਣੇ ਵੀ ਸੰਘਰਸ਼ਾਂ ’ਚ ਸ਼ਾਮਲ ਹੋ ਕੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨਾਲ ਖੜ੍ਹੇ ਹਨ। ਉਨ੍ਹਾਂ ਭਾਕਿਯੂ ਲੱਖੋਵਾਲ ਦੇ ਸੰਸਥਾਪਕ ਅਜ਼ਮੇਰ ਸਿੰਘ ਲੱਖੋਵਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਰਹਿਨੁਮਾਈ ਹੇਠ ਹਮੇਸ਼ਾ ਕਿਸਾਨਾਂ ਦੇ ਹਾਮੀ ਤੇ ਕਿਸਾਨੀ ਦੇ ਭਾਈਵਾਲ ਰਹੇ ਹਨ।