ਸਿਵਲ ਲਾਈਨਜ਼ ਸਕੂਲ ਰਾਜ ਭਰ ‘ਚੋਂ ਦੂਸਰੇ ਸਥਾਨ ‘ਤੇ
ਜ਼ਿਲ੍ਹੇ ਦੇ 22 ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵਧੀ
ਬਲਵਿੰਦਰਪਾਲ , ਪਟਿਆਲਾ 23 ਮਈ: 2021
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਰਾਜ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ 180 ਸਰਕਾਰੀ ਸਕੂਲਾਂ ‘ਚ 22 ਸਕੂਲ ਪਟਿਆਲਾ ਜ਼ਿਲ੍ਹੇ ਦੇ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜ ਦੇ ਸਭ ਤੋਂ ਵੱਧ ਗਿਣਤੀ ਵਾਲੇ ਸਿਖਰਲੇ ਦਸ ਸਕੂਲਾਂ ‘ਚ ਤਿੰਨ ਸਕੂਲ ਪਟਿਆਲਾ ਜ਼ਿਲ੍ਹੇ ਦੇ ਹਨ, ਜਿਨ੍ਹਾਂ ‘ਚ ਸਰਕਾਰੀ ਮਾਡਲ ਸਕੂਲ ਸਿਵਲ ਲਾਈਨਜ਼ (5146 ਵਿਦਿਆਰਥੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ (3853 ਵਿਦਿਆਰਥੀ) ਤੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ (3674 ਵਿਦਿਆਰਥੀ) ਸ਼ਾਮਲ ਹਨ। ਸਿਵਲ ਲਾਈਨਜ਼ ਸਕੂਲ ਪੰਜਾਬ ਭਰ ‘ਚੋਂ ਦੂਸਰੇ ਸਥਾਨ ‘ਤੇ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਲੁਧਿਆਣਾ 5236 ਵਿਦਿਆਰਥੀਆਂ ਨਾਲ ਰਾਜ ਭਰ ‘ਚੋਂ ਪਹਿਲੇ ਸਥਾਨ ‘ਤੇ ਹੈ। ਰਾਜ ਭਰ ‘ਚੋਂ ਉਪਰੋਕਤ ਦੋਨੋਂ ਸਕੂਲਾਂ ‘ਚ ਹੀ ਵਿਦਿਆਰਥੀਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਵਧੇਰੇ ਹੈ। ਸਿਵਲ ਲਾਈਨਜ਼ ਸਕੂਲ ‘ਚ ਇਸ ਵਾਰ 1083, ਫੀਲਖਾਨਾ ‘ਚ 1321 ਤੇ ਮਲਟੀਪਰਪਜ਼ ਸਕੂਲ ‘ਚ 920 ਵਿਦਿਆਰਥੀ ਵਧੇ ਹਨ।
ਉਪਰੋਕਤ ਤੋਂ ਇਲਾਵਾ ਜ਼ਿਲ੍ਹੇ ਦੇ ਜਿਨ੍ਹਾਂ ਸਰਕਾਰੀ ਸਕੂਲ ‘ਚ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵਧੀ ਹੈ, ਉਨ੍ਹਾਂ ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ 2341,ਐਨ.ਟੀ.ਸੀ. ਰਾਜਪੁਰਾ 2274, ਭਾਈ ਕਾਹਨ ਸਿੰਘ ਨਾਭਾ ਸੈਕੰਡਰੀ ਸਕੂਲ ਨਾਭਾ 1922, ਸੈਕੰਡਰੀ ਸਕੂਲ ਤ੍ਰਿਪੜੀ 1649, ਸੈਕੰਡਰੀ ਸਕੂਲ ਐਨ.ਪੀ.ਐਚ. ਪਟਿਆਲਾ 1643, ਸੈਕੰਡਰੀ ਸਕੂਲ ਓ.ਪੀ.ਐਲ. ਪਟਿਆਲਾ 1470, ਸੈਕੰਡਰੀ ਸਕੂਲ ਰਾਜਪੁਰਾ ਟਾਊਨ 1388, ਸੈਕੰਡਰੀ ਸਕੂਲ ਪਾਤੜਾਂ 1308, ਸੀਨੀਅਰ ਸੈਕੰਡਰੀ ਸਕੂਲ ਭਾਦਸੋਂ 1306, ਸੈਕੰਡਰੀ ਸਕੂਲ ਬਹਾਦਰਗੜ੍ਹ 1289, ਸੈਕੰਡਰੀ ਸਕੂਲ ਮਹਿੰਦਰਗੰਜ (ਰਾਜਪੁਰਾ) 1238, ਮਾਡਲ ਹਾਈ ਸਕੂਲ ਨਾਭਾ 1236, ਸੈਕੰਡਰੀ ਸਕੂਲ ਘਨੌਰ 1199, ਸੈਕੰਡਰੀ ਸਕੂਲ ਦੇਵੀਗੜ੍ਹ 1165, ਸੈਕੰਡਰੀ ਸਕੂਲ ਘੱਗਾ 1157, ਸੈਕੰਡਰੀ ਸਕੂਲ ਸਨੌਰ (ਲੜਕੇ) 1095, ਸੈਕੰਡਰੀ ਸਕੂਲ ਕਰਮਗੜ੍ਹ (ਸ਼ੁਤਰਾਣਾ) 1087, ਸੈਕੰਡਰੀ ਸਕੂਲ ਸਨੌਰ (ਲੜਕੀਆਂ) 1025 ਤੇ ਸੈਕੰਡਰੀ ਸਕੂਲ ਡਕਾਲਾ 1005 ਸ਼ਾਮਲ ਹਨ।
ਪ੍ਰਿੰ. ਵਰਿੰਦਰਜੀਤ ਬਾਤਿਸ਼ ਸਿਵਲ ਲਾਈਨਜ਼ ਸਕੂਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਆਧੁਨਿਕ ਸਹੂਲਤਾਂ ਤੇ ਗੁਣਵੱਤਾ ਵਾਲੀ ਸਿੱਖਿਆ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪ੍ਰਿੰ. ਰਜਨੀਸ਼ ਗੁਪਤਾ ਫੀਲਖਾਨਾ ਸਕੂਲ ਦਾ ਕਹਿਣਾ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਪ੍ਰਣਾਲੀ ‘ਚ ਲਿਆਂਦੀ ਗੁਣਵੱਤਾ ਨੇ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ।
ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਮਲਟੀਪਰਪਜ਼ ਸਕੂਲ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੀ ਸਰਪ੍ਰਸਤੀ ‘ਚ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਵੱਡਾ ਵਾਧਾ ਹੋਇਆ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਜ਼ਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਰਾਜ ਪੱਧਰ ‘ਤੇ ਮਾਣ ਵਧਾਉਣ ‘ਤੇ ਵਧਾਈ ਦਿੱਤੀ ਹੈ।