ਜ਼ਿਲ੍ਹੇ ਵਿੱਚ ਕਰੋਨਾ ਦੇ 477 ਨਵੇਂ ਕੇਸ ਆਏ
ਬੀ ਟੀ ਐਨ, ਫਾਜ਼ਿਲਕਾ, 16 ਮਈ 2021.
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ 9544 ਲੋਕਾਂ ਨੂੰ ਕਰੋਨਾ ਨੂੰ ਹਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ 24 ਘੰਟਿਆਂ ਵਿਚ ਫਾਜ਼ਿਲਕਾ ਜ਼ਿਲੇ ਵਿਚ 366 ਲੋਕਾਂ ਨੇ ਕੋਵਿਡ ਖਿਲਾਫ ਜੰਗ ਜਿੱਤ ਕੇ ਸਿਹਤਯਾਬੀ ਹਾਸਲ ਕੀਤੀ ਹੈ। ਉਨਾਂ ਨੇ ਕਿਹਾ ਕਿ ਸਮੇਂ ਸਿਰ ਜਾਂਚ ਕਰਵਾ ਲਈ ਜਾਵੇ ਅਤੇ ਬਿਮਾਰੀ ਦਾ ਅਗੇਤਾ ਪਤਾ ਲੱਗ ਜਾਵੇ ਤਾਂ ਜਿਆਦਾਤਰ ਲੋਕ ਆਪਣੇ ਘਰ ਵਿਚ ਰਹਿ ਕੇ ਹੀ ਦਵਾਈਆਂ ਲੈ ਕੇ ਸਿਹਤਮੰਦ ਹੋ ਜਾਂਦੇ ਹਨ। ਇਸ ਲਈ ਉਨਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਵਿਖਾਈ ਦੇਣ ਤਾਂ ਬਿਨਾਂ ਦੇਰੀ ਆਪਣੇ ਟੈਸਟ ਕਰਵਾਓ। ਉਨਾਂ ਨੇ ਕਿਹਾ ਕਿ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿਚ ਟੈਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੱਛਲੇ 24 ਘੰਟਿਆਂ ਵਿਚ ਜ਼ਿਲੇ ਵਿਚ ਕੋਵਿਡ ਦੇ 477 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰਾਂ ਹੁਣ ਤੱਕ ਜ਼ਿਲੇ ਵਿਚ ਕੁੱਲ 14398 ਲੋਕਾਂ ਦੀ ਰਿਪੋਰਟ ਪਾਜਿਟਿਵ ਆ ਚੁੱਕੀ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਇੰਨਾਂ ਵਿਚੋਂ 9544 ਲੋਕ ਪੂਰੀ ਤਰਾਂ ਸਿਹਤਮੰਦ ਹੋ ਚੁੱਕੇ ਹਨ। ਜਦ ਕਿ ਇਸ ਸਮੇਂ 4559 ਐਕਟਿਵ ਕੇਸ ਜ਼ਿਲੇ ਵਿਚ ਹਨ ਜਦ ਕਿ 295 ਦੁੱਖਦਾਈ ਮੌਤਾਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਵੈਕਸੀਨੇਸਨ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਜਿਲ੍ਹਾ ਵਾਸੀ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਰੱਖਣ।
Advertisement