ਮੌਕੇ ਤੇ ਪਹੁੰਚੀ ਟੂਡੇ ਨਿਊਜ ਦੀ ਟੀਮ , ਤਰਲਿਆਂ ਤੇ ਆਇਆ ਠੇਕੇਦਾਰ, ਕਹਿੰਦਾ ਸੌਰੀ, ਲਓ ਇਤਾਰਜ ਐ ਤਾਂ ਲਾਹ ਦਿੰਦੇ ਹਾਂ ਕੁੰਡੀ
ਐਸ.ਡੀ.ਉ ਵਿਕਾਸ ਨੇ ਕਿਹਾ, ਅਸੀਂ ਟੀਮ ਭੇਜਦੇ ਹਾਂ, ਜੇ ਮੌਕੇ ਤੇ ਹੁੰਦੀ ਹੋਈ ਚੋਰੀ ਤਾਂ ਜਰੂਰ ਕਰਾਂਗੇ ਕਾਰਵਾਈ
ਹਰਿੰਦਰ ਨਿੱਕਾ/ ਰਘਵੀਰ ਹੈਪੀ, ਬਰਨਾਲਾ 14 ਮਈ 2021
ਇਹ ਨੂੰ ਬਿਜ਼ਲੀ ਚੋਰੀ ਆਖੀਏ ਜਾਂ ਫਿਰ ਬਿਜ਼ਲੀ ਤੇ ਡਾਕਾ , ਚਲੋ ਇਹ ਤਾਂ ਸ਼ਬਦ ਨੇ, ਜੋ ਮਰਜੀ ਵਰਤ ਲਈਏ, ਹਕੀਕਤ ਤਾਂ ਇਹ ਹੈ ਕਿ ਸ਼ਹਿਰ ਅੰਦਰ ਬਿਜ਼ਲੀ ਚੋਰੀ ਨੂੰ ਰੋਕਣ ਲਈ ਟੋਲੀਆਂ ਬਣਾ ਕੇ ਘੁੰਮਦੇ ਮੁਲਾਜਮਾਂ ਨੂੰ ਕੱਚਾ ਕਾਲਜ ਰੋਡ ਤੇ ਕੇਨਰਾ ਬੈਂਕ ਦੇ ਨੇੜੇ ਗਲੀ ਨੰਬਰ 10 ਦੇ ਮੋੜ ਤੇ ਬਿਜ਼ਲੀ ਟਰਾਂਸਫਾਰਮਰ ਤੋਂ ਕੁੰਡੀ ਲਾ ਕੇ ਦਿਨ ਦਿਹਾੜੇ ਸ਼ਰੇਆਮ ਹੁੰਦੀ ਚੋਰੀ ਨਜ਼ਰ ਹੀ ਨਹੀਂ ਪਈ। ਜਦੋਂ ਸ਼ਹਿਰ ਦੇ ਇੱਕ ਜਿੰਮੇਵਾਰ ਨਾਗਰਿਕ ਨੇ ਇਸ ਦੀ ਸੂਚਨਾ ਦਿੱਤੀ ਤਾਂ ਟੂਡੇ ਨਿਊਜ਼ ਦੀ ਟੀਮ ਮੌਕੇ ਤੇ ਜਾ ਪਹੁੰਚੀ। ਟੂਡੇ ਨਿਊਜ ਦੇ ਪੱਤਰਕਾਰਾਂ ਦੀ ਟੀਮ ਨੂੰ ਵੇਖਦਿਆਂ ਹੀ ਡਰਿੱਲ ਮਸ਼ੀਨ ਨਾਲ ਚੈਂਬਰ ਬਣਵਾ ਰਹੇ ਠੇਕੇਦਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਿਰ ਕੀ ਸੀ, ਉਹ ਕਹਿਣ ਲੱਗਿਆ ਜੇ, ਥੋਨੂੰ ਇਤਰਾਜ਼ ਹੈ ਤਾਂ ਅਸੀਂ ਕੁੰਡੀ ਲਾਹ ਦਿੰਦੇ ਹਾਂ। ਜਦੋਂ ਪੱਤਰਕਾਰਾਂ ਦੀ ਟੀਮ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਬੱਸ ਗੱਲ ਸਿਰਫ ਇੱਨੀਂ ਹੀ ਹੈ ਕਿ ਤੁਸੀਂ , ਬਿਜ਼ਲੀ ਬੋਰਡ ਤੋਂ ਕੋਈ ਅਸਥਾਈ ਕੁਨੈਕਸ਼ਨ ਲਏ ਬਿਨਾਂ ਹੀ ਬਿਜ਼ਲੀ ਚੋਰੀ ਕਰਕੇ,ਮਹਿਕਮੇ ਦੇ ਅੱਖੇ ਘੱਟਾ ਤਾਂ ਪਾ ਹੀ ਰਹੇ ਹੋ। ਤੁਹਾਡੀ ਚੋਰਿਉਂ ਵਰਤੀ ਬਿਜ਼ਲੀ ਦਾ ਬਿਲ ਲੋਕਾਂ ਨੂੰ ਉਤਾਰਨਾ ਪਊਗਾ।
ਚੈਂਬਰ ਬਣਵਾ ਰਿਹਾ ਜਾਹਿਰ ਕਰਦਾ ਠੇਕੇਦਾਰ ਮਿੰਨਤਾਂ ਤਰਲਿਆਂ ਤੇ ਉਤਰ ਆਇਆ। ਜਦੋਂ ਪੱਤਰਕਾਰਾਂ ਨੇ ੳਸ ਦੀਆਂ ਮਿੰਨਤਾਂ ਨੂੰ ਦਰਕਿਨਾਰ ਕਰ ਕੇ ਡਰਿੱਲ ਨਾਲ ਕੀਤੀ ਜਾ ਰਹੀ ਖੁਦਾਈ ਦੀ ਕਵਰੇਜ਼ ਕਰਨੀ ਸ਼ੁਰੂ ਕੀਤੀ ਤਾਂ ਜਾਹਿਰ ਕਰਦਾ ਠੇਕੇਦਾਰ ਆਪਣੇ ਦੂਜੇ ਸਾਥੀ ਨੂੰ ਇਹ ਕਹਿੰਦਿਆਂ ਫੁਰਰ ਹੋ ਗਿਆ ,ਯਾਰ ਇਹ ਤਾਂ ਟੂਡੇ ਨਿਊਜ਼ ਵਾਲੇ ਲੱਗਦੇ ਨੇ। ਉੱਧਰ ਠੇਕੇਦਾਰ ਦੇ ਇਸ਼ਾਰਾ ਕਰਨ ਤੇ ਕੰਮ ਕਰਦੇ ਮਜ਼ਦੂਰਾਂ ਨੇ ਟਰਾਂਸਫਾਰਮਰ ਤੇ ਲਾਈ ਕੁੰਡੀ ਦੀਆਂ ਤਾਰਾਂ ਲਾਹ ਲਈਆਂ। ਜਿਸ ਦੀ ਵੀਡੀਉ ਵੀ ਟੂਡੇ ਨਿਊਜ ਕੋਲ ਮੌਜੂਦ ਹੈ।
ਜਦੋਂ ਐਸ.ਡੀ.ਉ ਪਾਵਰਕੌਮ ਨੂੰ ਪੁੱਛਿਆ,,
ਐਸ.ਡੀ.ਉ ਪਾਵਰਕੌਮ ਸਿਟੀ ਬਰਨਾਲਾ ਸ੍ਰੀ ਵਿਕਾਸ ਕੁਮਾਰ ਨੂੰ ਨਗਰ ਕੌਂਸਲ ਠੇਕੇਦਾਰ ਵੱਲੋਂ ਸ਼ਰੇਆਮ ਕੀਤੀ ਕੀਤੀ ਜਾ ਰਹੀ ਬਿਜ਼ਲੀ ਚੋਰੀ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਮੈਂ ਹੁਣੇ ਹੀ ਚੈਕ ਕਰਨ ਲਈ ਜੇ.ਈ. ਪ੍ਰੀਕਸ਼ਤ ਨੂੰ ਮੌਕੇ ਤੇ ਭੇਜ ਰਿਹਾ ਹਾਂ। ਜਦੋਂ ਉਨਾਂ ਨੂੰ ਕਿਹਾ ਕਿ ਸਾਡੇ ਕੋਲ ਬਿਜ਼ਲੀ ਚੋਰੀ ਦੀ ਵੀਡੀਉ ਹੈ ਤੇ ਉਚਿਤ ਕਾਰਵਾਈ ਲਈ ਤੁਹਾਨੂੰ ਸਬੂਤ ਦੇ ਤੌਰ ਤੇ ਦੇ ਸਕਦੇ ਹਾਂ ਤਾਂ ਉਨਾਂ ਕਿਹਾ ਕਿ ਵੀਡੀਉ ਨਹੀਂ। ਸਾਡੀ ਟੀਮ ਪਹੁੰਚਣ ਤੇ ਜੇਕਰ ਕੁੰਡੀ ਲੱਗੀ ਹੋਈ। ਅਸੀਂ ਤਾਂ ਹੀ ਕਾਰਵਾਈ ਕਰਾਂਗੇ। ਐਸ.ਡੀ.ਉ. ਵਿਕਾਸ ਦੀ ਗੱਲਬਾਤ ਤੋਂ ਤਾਂ ਇਹੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨਾਂ ਲਈ ਵੀਡੀਉ ਵਿੱਚ ਦਿਖਾਈ ਦੇ ਰਹੀ ਬਿਜ਼ਲੀ ਚੋਰੀ ਦਾ ਸਬੂਤ ਕੋਈ ਮਾਇਨੇ ਨਹੀਂ ਰੱਖਦਾ। ਜੇਕਰ ਉਨਾਂ ਦੀ ਟੀਮ ਦੇ ਮੌਕੇ ਤੇ ਪਹੁੰਚਣ ਵੇਲੇ ਕੁੰਡੀ ਲਾਹ ਦਿੱਤੀ, ਫਿਰ ਬਿਜ਼ਲੀ ਚੋਰੀ ਦਾ ਕੋਈ ਕੇਸ ਹੀ ਨਹੀਂ ਬਣਦਾ।