ਕਿਹਾ ਕਿ ਸ਼ਮਸ਼ਾਨਘਾਟ/ਕਬਰਿਸਤਾਨ ਦੇ ਵਿੱਚ ਅੰਤਿਮ ਸਸਕਾਰ ਕਰਨ ਸਬੰਧੀ ਯੋਗ ਪ੍ਰਬੰਧ ਕਰਨਾ ਜ਼ਰੂਰੀ
ਦਵਿੰਦਰ ਡੀਕੇ, ਲੁਧਿਆਣਾ, 26 ਅਪ੍ਰੈਲ 2021
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਮਸ਼ਾਨ ਘਾਟ/ਕਬਰਿਸਤਾਨ ਦੇ ਵਿੱਚ ਅੰਤਿਮ ਸਸਕਾਰ ਕਰਨ ਸਬੰਧੀ ਕਮੇਟੀ ਗਠਿਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ/ਕਬਰਿਸਤਾਨ ਦੇ ਵਿੱਚ ਅੰਤਿਮ ਸਸਕਾਰ ਕਰਨ ਸਬੰਧੀ ਯੋਗ ਪ੍ਰਬੰਧ ਕਰਨਾ ਜ਼ਰੂਰੀ ਹੈ ਤਾਂ ਜੋ ਭੀੜ ਭੜੱਕਾ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਜਾਰੀ ਹੁਕਮਾਂ ਵਿੱਚ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਇਸ ਸਸਕਾਰ ਕਮੇਟੀ ਦੇ ਚੇਅਰਮੈਨ ਹੋਣਗੇ, ਜੁਆਇੰਟ ਕਮਿਸ਼ਨਰ ਪੁਲਿਸ, ਹੈਡਕੁਆਟਰ, ਲੁਧਿਆਣਾ, ਡਵੀਜ਼ਨਲ ਜੰਗਲਾਤ ਅਫ਼ਸਰ, ਲੁਧਿਆਣਾ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ, ਲੁਧਿਆਣਾ (ਪੱਛਮੀ), ਸੀਨੀਅਰ ਸੇਲਜ ਮੈਨੇਜਰ, ਆਈ.ਓ.ਸੀ., ਐਲ.ਪੀ.ਜੀ.ਗੈਸ ਲੁਧਿਆਣਾ ਸ੍ਰੀ ਸੰਚਿਤ ਸ਼ਰਮਾ ਇਸ ਕਮੇਟੀ ਦੇ ਮੈਂਬਰ ਹੋਣਗੇ।
ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਹ ਕਮੇਟੀ ਲੋੜ ਅਨੁਸਾਰ ਕਿਸੇ ਵੀ ਸ਼ਮਸ਼ਾਨਘਾਟ/ਕਬਰਿਸਤਾਨ ਨੂੰ ਕੋਵਿਡ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਲਈ ਵਰਤ ਸਕਦੀ ਹੈ ਅਤੇ ਕੋਈ ਵੀ ਸ਼ਮਸ਼ਾਨਘਾਟ/ਕਬਰਿਸਤਾਨ ਕਮੇਟੀ ਨੂੰ ਕੋਵਿਡ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਤੋਂ ਇਨਕਾਰ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ ਕਿ ਇਨਕਾਰ ਕਰਨ ਦੀ ਸੂਰਤ ਵਿੱਚ ਸ਼ਮਸ਼ਾਨਘਾਟ/ਕਬਰਿਸਤਾਨ ਦੇ ਪ੍ਰਬੰਧਕਾਂ ਵਿਰੁੱਧ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ, 2005 ਅਤੇ ਦ ਐਪੀਡੈਮਿਕ ਡੀਜੀਜ ਐਕਟ, 1897 ਅਧੀਨ ਇਹ ਕਮੇਟੀ ਐਫ.ਆਈ.ਆਰ. ਦਰਜ਼ ਕਰਵਾਏਗੀ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸ਼ਮਸ਼ਾਨਘਾਟ/ਕਬਰਿਸਤਾਨ ਪ੍ਰਬੰਧਕ ਕਮੇਟੀ ਵੱਲੋਂ ਗੇਟ ਖੋਲ੍ਹਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਕਤ ਕਮੇਟੀ ਨੂੰ ਤਾਲਾ ਤੋੜਨ ਅਤੇ ਕਿਸੇ ਵੀ ਚਾਰਦੀਵਾਰੀ ਨੂੰ ਮੌਕੇ ਅਨੁਸਾਰ ਢਾਹੁਣ ਦਾ ਅਧਿਕਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਕਮੇਟੀ ਲੋੜ ਅਨੁਸਾਰ ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਦਾ ਪ੍ਰਬੰਧ ਕਰਵਾਏਗੀ, ਤਾਂ ਜੋ ਸ਼ਮਸ਼ਾਨ ਘਾਟ ਵਿੱਚ ਆਉਣ ਵਾਲੀਆਂ ਹੋਰ ਮ੍ਰਿਤਕ ਦੇਹਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ। ਇਸ ਕਮੇਟੀ ਨੂੰ ਕਿਸੇ ਕਿਸਮ ਦੀ ਮਸ਼ੀਨਰੀ, ਮੈਨਪਾਵਰ, ਵਹੀਕਲ, ਸ਼ਮਸ਼ਾਨਘਾਟ ਅਤੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ, 2005 ਤਹਿਤ ਹੋਰ ਲੋੜ ਅਨੁਸਾਰ ਚੀਜ਼ਾਂ ਦਾ ਪ੍ਰਬੰਧ ਕਰਨ ਦੇ ਅਧਿਕਾਰ ਹੋਣਗੇ। ਇਹ ਕਮੇਟੀ ਕਿਸੇ ਵੀ ਐਨ.ਜੀ.ਓ. ਜਾਂ ਸੰਸਥਾ ਨਾਲ ਤਾਲਮੇਲ ਕਰਕੇ ਲੋੜੀਂਦੇ ਪ੍ਰਬੰਧ ਵੀ ਕਰਵਾ ਸਕਦੀ ਹੈ।