ਹਰਿੰਦਰ ਨਿੱਕਾ , ਬਰਨਾਲਾ 18 ਅਪ੍ਰੈਲ 2021
ਨਗਰ ਕੌਂਸਲ ਬਰਨਾਲਾ ਦੇ ਨਵੇਂ ਪ੍ਰਧਾਨ ਗੁਰਜੀਤ ਸਿੰਘ ਔਲਖ ਭਲ੍ਹਕੇ ਆਪਣਾ ਅਹੁਦਾ ਸੰਭਾਲ ਸਕਦੇ ਹਨ। ਭਰੋਸੋਯੋਗ ਸੂਤਰਾਂ ਅਨੁਸਾਰ 15 ਅਪ੍ਰੈਲ ਨੂੰ ਕਾਫੀ ਤਣਾਅਪੂਰਣ ਮਾਹੌਲ ਵਿੱਚ ਹੋਈ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਬੜੀ ਤੇਜ਼ੀ ਨਾਲ ਸਾਰੀਆਂ ਹੀ ਜਰੂਰੀ ਫਾਰਮੈਲਟੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਪਤਾ ਇਹ ਵੀ ਲੱਗਿਆ ਹੈ ਕਿ ਸ਼ੁਕਰਵਾਰ ਨੂੰ ਪ੍ਰਧਾਨ ਦੀ ਚੋਣ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੀ ਕਾਪੀ ਸੋਮਵਾਰ ਨੂੰ ਦਫਤਰ ਪਹੁੰਚ ਜਾਣ ਦੀ ਪ੍ਰਬਲ ਸੰਭਾਵਨਾ ਹੈ। ਨੋਟੀਫਿਕੇਸ਼ਨ ਦੀ ਕਾਪੀ ਦਫਤਰ ਪਹੁੰਚਣ ਤੋਂ ਮਗਰੋਂ ਸੋਮਵਾਰ ਨੂੰ ਬਾਅਦ ਦੁਪਿਹਰ ਕਿਸੇ ਵੀ ਸਮੇਂ ਪ੍ਰਧਾਨ ਗੁਰਜੀਤ ਸਿੰਘ ਔਲਖ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲ ਲੈਣਗੇ। ਨਗਰ ਕੌਂਸਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੀ ਹੋਵੇਗਾ ਕਿ ਕਿਸੇ ਪ੍ਰਧਾਨ ਦੀ ਚੋਣ ਤੋਂ ਕੁਝ ਦਿਨ ਬਾਅਦ ਹੀ ਨੋਟੀਫਿਕੇਸ਼ਨ ਕਰਕੇ ਪ੍ਰਧਾਨ ਨੂੰ ਅਹੁਦਾ ਸੰਭਾਲ ਦਿੱਤਾ ਗਿਆ ਹੋਵੇ। ਜਾਣਕਾਰ ਹਲਕਿਆਂ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਦੀ ਦੇਰੀ ਦਾ ਫਾਇਦਾ ਉਠਾ ਕੇ ਵੱਡੀ ਗਿਣਤੀ ਵਿੱਚ ਕੌਂਸਲਰ ਹਾਈਕੋਰਟ ਰਿਟ ਦਾਇਰ ਕਰਕੇ ਕੋਰਟ ਵਿੱਚੋਂ ਕੋਈ ਸਟੇ ਹਾਸਿਲ ਨਾ ਕਰ ਸਕਣ। ਇਸ ਸਬੰਧੀ ਨਕਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਮਨਪ੍ਰੀਤ ਸਿੰਘ ਦਾ ਪੱਖ ਜਾਣਨ ਲਈ ਫੋਨ ਕੀਤਾ, ਪਰੰਤੂ ਉਨਾਂ ਫੋਨ ਰਿਸੀਵ ਨਹੀਂ ਕੀਤਾ।