ਜ਼ਿਲ੍ਹਾ ਬਰਨਾਲਾ ‘ਚ ਹੁਣ ਤੱਕ 23829 ਲੋਕਾਂ ਨੇ ਲਵਾਈ ਕੋਰੋਨਾ ਵੈਕਸੀਨ
ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ, ਘਬਰਾਉਣ ਦੀ ਜ਼ਰੂਰਤ ਨਹੀਂ: ਸਿਵਲ
ਸਰਜਨ
ਹਰਿੰਦਰ ਨਿੱਕਾ , ਬਰਨਾਲਾ, 13 ਅਪ੍ਰੈਲ 2021
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਮੰਡੀਆਂ ‘ਚ ਆਉਣ ਵਾਲੇ ਕਿਸਾਨਾਂ, ਆੜ੍ਹਤੀਆਂ ਤੇ ਲੇਬਰ ਲਈ ਮੰਡੀਆਂ ‘ਚ ਹੀ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ । ਇਸੇ ਤਹਿਤ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਵੱਲੋਂ ਅੱਜ ਧਨੌਲਾ, ਕਾਲੇਕੇ, ਕੋਟਦੁੱਨਾ, ਹੰਡਿਆਇਆ ਵਿੱਚ ਲੱਗੇ ਵੈਕਸੀਨੇਸ਼ਨ ਕੈਂਪਾਂ ਦਾ ਦੌਰਾ ਕੀਤਾ ਗਿਆ ।
ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ । ਉਨ੍ਹਾਂ ਪੰਚਾਇਤਾਂ, ਕਲੱਬ ਮੈਂਬਰਾਂ, ਧਾਰਮਿਕ ਆਗੂਆਂ ਅਤੇ ਸਮਾਜ ਸੇਵੀ ਲੋਕਾਂ ਨੂੰ ਵੈਕਸੀਨੇਸ਼ਨ ਮੁਹਿੰਮ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ‘ਚ ਕੁੱਲ 23829 ਡੋਜ਼ਾਂ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ ਜਿਨ੍ਹਾਂ ਵਿਚੋਂ 2623 ਡੋਜ਼ਾਂ ਸਿਹਤ ਵਿਭਾਗ ਦੇ ਕਰਮਚਾਰੀਆਂ, 5992 ਡੋਜ਼ਾਂ ਫ਼ਰੰਟ ਲਾਈਨ ਵਰਕਰਾਂ ਅਤੇ 15214 ਡੋਜ਼ਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਅਤੇ ਕਿਸੇ ਵੀ ਉਮਰ ਦਾ ਫ਼ਰੰਟ ਲਾਈਨ ਵਰਕਰ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਕੋਰੋਨਾ ਵੈਕਸੀਨ ਲਵਾ ਸਕਦਾ ਹੈ ।