ਹਰਿੰਦਰ ਨਿੱਕਾ, ਬਰਨਾਲਾ 11 ਅਪ੍ਰੈਲ 2021
ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਹੱਥਾਂ ‘ਚ ਡੰਡੇ ਫੜ੍ਹ ਕੇ ਵਿਚਰਨ ਵਾਲੇ ਪੁਲਿਸ ਦੇ ਮੁਲਾਜਮਾਂ ਦੇ ਹੱਥਾਂ ਵਿੱਚ ਹੁਣ ਪੋਸਟਰ ਫੜ੍ਹੇ ਹੋਏ ਹਨ। ਇਨਾਂ ਪੋਸਟਰਾਂ ਵਿੱਚ ਕਿਸਾਨਾਂ ਦੀ ਖੜ੍ਹੀ ਕਣਕ/ਕੱਟੀ ਹੋਈ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕਿਸਾਨ ਵੀਰਾਂ ਨੂੰ ਵਿਸ਼ੇਸ਼ ਸਾਵਧਾਨੀਆਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਅਤੇ ਕੰਟਰੋਲ ਰੂਮ ਤੋਂ ਇਲਾਵਾ ਸਬੰਧਿਤ ਅਧਿਕਾਰੀਆਂ ਦੇ ਵਟਸਅੱਪ ਨੰਬਰ ਵੀ ਪ੍ਰਕਾਸ਼ਿਤ ਹਨ। ਪੁਲਿਸ ਕਰਮਚਾਰੀ ਪਹਿਲਾਂ ਅਨਾਜ ਮੰਡੀਆਂ ਤੇ ਹੋਰ ਸਾਂਝੀਆਂ ਥਾਵਾਂ ਤੇ ਪਹੁੰਚ ਕੇ ਉੱਥੇ ਮੌਜੂਦ ਲੋਕਾਂ ਨੂੰ ਪੋਸਟਰ ਪੜ੍ਹ ਕੇ ਕਣਕ ਨੂੰ ਅੱਗ ਤੋਂ ਬਚਾਅ ਬਾਰੇ ਸੁਝਾਅ ਦਿੰਦੇ ਹਨ, ਫਿਰ ਅਨਾਜ਼ ਮੰਡੀਆਂ/ਸਾਂਝੀਆਂ ਥਾਵਾਂ ਤੇ ਪੋਸਟਰ ਚਿਪਕਾਉਂਦੇ ਹਨ, ਜਿੱਥੇ ਕਿਸਾਨਾਂ/ਮਜਦੂਰਾਂ ਨੂੰ ਜਾਣਕਾਰੀ ਉਪਲੱਭਧ ਹੋ ਸਕੇ।
ਅਨਾਜ ਮੰਡੀ ਵਿੱਚ ਪੋਸਟਰ ਲਗਾ ਰਹੇ ਪੁਲਿਸ ਕਰਮਚਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਜੀ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਕਣਕ ਨੂੰ ਅੱਗ ਤੋਂ ਬਚਾਉਣ ਹਿੱਤ ਜਾਣਕਾਰੀ ਦੇਣ ਲਈ ਇਹ ਮੁਹਿੰਮ ਵਿੱਢੀ ਗਈ ਹੈ। ਉਨਾਂ ਕਿਹਾ ਕਿ ਪੁਲਿਸ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਅਜਿਹੇ ਕੰਮਾਂ ਨਾਲ ਸਾਨੂੰ ਲੋਕਾਂ ਤੋਂ ਕਾਫੀ ਸਤਿਕਾਰ ਵੀ ਮਿਲਦਾ ਹੈ। ਕਿਸਾਨ ਗੁਰਦੇਵ ਸਿੰਘ ਅਤੇ ਬਲਵਿੰਦਰ ਸਿੰਘ ਅਤੇ ਨਛੱਤਰ ਸਿੰਘ ਨੇ ਪੁਲਿਸ ਵੱਲੋਂ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਸਾਵਧਾਨ ਕਰਨ ਲਈ ਲਗਾਏ ਜਾ ਰਹੇ ਪੋਸਟਰਾਂ ਤੋਂ ਖੁਸ਼ ਹੁੰਦਿਆਂ ਪੁਲਿਸ ਮੁਖੀ ਦੀ ਸਰਾਹਣਾ ਕਰਦਿਆਂ ਕਿਹਾ ਕਿ ਪਹਿਲਾਂ ਪੁਲਿਸ ਨੂੰ ਦੇਖ ਕੇ ਆਪ ਲੋਕਾਂ ਨੂੰ ਭੈਅ ਆਉਂਦਾ ਸੀ, ਪਰੰਤੂ ਕੋਵਿਡ 19 ਦੌਰਾਨ ਪੁਲਿਸ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਅਤੇ ਹੁਣ ਕਣਕ ਦੀ ਫਸਲ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਪੁਲਿਸ ਦਾ ਵੱਖਰਾ ਹੀ ਚਿਹਰਾ ਲੋਕਾਂ ਸਾਹਮਣੇ ਉੱਭਰ ਕੇ ਆਇਆ ਹੈ ।
ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਗੱਲਬਾਤ ਕਰਦਿਆਂ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਕਿਸਾਨ ਮਿੱਟੀ ਨਾਲ ਮਿੱਟੀ ਹੋ ਕੇ ਰਾਤਾਂ ਜਾਗ ਕੇ ਫਸਲਾਂ ਉਗਾਉਂਦਾ ਹੈ, ਬਾਕੀ ਅਸੀਂ ਸਾਰੇ ਲੋਕ ਕਿਸਾਨਾਂ ਦੇ ਪੈਦਾ ਕੀਤੇ ਅਨਾਜ ਤੇ ਹੀ ਨਿਰਭਰ ਹਾਂ। ਉਨਾਂ ਕਿਹਾ ਕਿ ਅਕਸਰ ਹੀ ਕਣਕ ਦੇ ਸੀਜ਼ਨ ਵੇਲੇ ਕਣਕ ਨੂੰ ਵੱਖ ਵੱਖ ਕਾਰਣਾਂ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਜਿੰਨਾਂ ਕਾਰਣਾਂ ਕਰਕੇ ਪੁੱਤਾ ਵਾਂਗ ਪਾਲੀ ਕਣਕ ਰਾਖ ਹੋ ਜਾਂਦੀ ਹੈ, ਉਨਾਂ ਕਾਰਣਾਂ ਬਾਰੇ ਕਿਸਾਨਾਂ ਨੂੰ ਸੁਚੇਤ ਕਰਨ ਦਾ ਉਪਰਾਲਾ ਜਿਲ੍ਹਾ ਪੁਲਿਸ ਨੇ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਆਰੰਭਿਆ ਹੈ। ਉਨਾਂ ਕਿਹਾ ਕਿ ਕਣਕ ਦੇ ਅੱਗ ਕਾਰਣ ਹੁੰਦੇ ਨੁਕਸਾਨ ਨੂੰ ਬਚਾਉਣ ਲਈ ਇਹ ਨੈਤਿਕ ਜਿੰਮੇਵਾਰੀ ਵੀ ਅਸੀਂ ਆਪਣੇ ਮੋਢਿਆ ਤੇ ਚੁੱਕ ਰਹੇ ਹਨ ।
ਸ੍ਰੀ ਗੋਇਲ ਨੇ ਕਿਹਾ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰਾਂ ਵਚਨਬੱਧ ਹੈ। ਵਰਨਣਯੋਗ ਹੈ ਕਿ ਜਿਲ੍ਹਾ ਪੁਲਿਸ ਦੀ ਸਮੁੱਚੀ ਟੀਮ ਨੇ ਲੌਕਡਾਉਨ ਦੇ ਦੌਰਾਨ ਵੀ ,ਜਦੋਂ ਲੋਕ ਕਰੋਨਾ ਤੋਂ ਡਰਦੇ ਘਰਾਂ ਅੰਦਰ ਕੈਦ ਸਨ ਤਾਂ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਖੁਦ ਵੀ ਆਪਣੀ ਜਾਨ ਦੀ ਪਰਵਾਹ ਕੀਤਿਆਂ ਬਿਨਾਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗ੍ਰਿਤ ਹੀ ਨਹੀਂ ਕਰਦੇ ਰਹੇ, ਬਲਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕੋਵਿਡ ਕਿੱਟਾਂ ਅਤੇ ਜਰੂਰਤਮੰਦਾਂ ਨੂੰ ਰਾਸ਼ਨ ਵੀ ਬਿਨਾਂ ਕਿਸੇ ਭੇਦਭਾਵ ਤੋਂ ਵੰਡਦੇ ਰਹੇ ਹਨ।