ਕਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ: ਸਿਵਲ ਸਰਜਨ
ਬੀ.ਟੀ.ਐਨ. ਰੂੜੇਕੇ ਕਲਾਂ/ਤਪਾ, 15 ਮਾਰਚ 2021
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਬਰਨਾਲਾ ਵਿੱਚ ਵੱਖ ਵੱਖ ਥਾਈਂ ਕਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਜਾਰੀ ਹੈ।
ਇਸ ਤਹਿਤ ਜਿੱਥੇ ਸਿਵਲ ਹਸਪਤਾਲ ਬਰਨਾਲਾ, ਸ਼ਹਿਰੀ ਮੁਢਲੇ ਕੇਂਦਰ ਸੰਧੂ ਪੱਤੀ ਤੋਂ ਇਲਾਵਾ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਵੈਕਸੀਨ ਲਾਈ ਜਾ ਰਹੀ ਹੈ, ਉਥੇ ਵੱਖ ਵੱਖ ਥਾਈਂ ਕੈਂਪ ਵੀ ਲਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਦੀ ਅਗਵਾਈ ਹੇਠ ਅਤੇ ਐਸਐਮਓ ਧਨੌਲਾ ਡਾ. ਨਵਜੋਤਪਾਲ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਸਿਹਤ ਬਲਾਕ ਧਨੌਲਾ ਦੀ ਟੀਮ ਵੱਲੋਂ ਅੱਜ ਪਿੰਡ ਰੂੜੇਕੇ ਕਲਾਂ ਦੇ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਟੀਕਾਕਰਨ ਕੈਂਪ ਲਾਇਆ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਅਤੇ 45 ਸਾਲ ਤੋਂ ਉਪਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਵੈਕਸੀਨ ਲਾਉਣ ਦੀ ਮੁਹਿੰਮ ਜਾਰੀ ਹੈ। ਉਨਾਂ ਦੱਸਿਆ ਕਿ ਅੱਜ ਕੈਂਪ ਵਿੱਚ ਮੌਕੇ ’ਤੇ ਰਜਿਸਟ੍ਰੇਸ਼ਨ ਕਰ ਕੇ ਸੀਨੀਅਰ ਸਿਟੀਜ਼ਨਾਂ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਵੈਕਸੀਨ ਲਾਈ ਗਈ ਹੈ। ਉਨਾਂ ਕਿਹਾ ਕਿ ਜਿਹੜੇ ਵਿਅਕਤੀ ਕੈਂਪ ਵਿਚ ਵੈਕਸੀਨ ਨਹੀਂ ਲਵਾ ਸਕੇ, ਉਹ ਸਿਵਲ ਹਸਪਤਾਲ ਬਰਨਾਲਾ, ਸ਼ਹਿਰੀ ਮੁਢਲੇ ਸਿਹਤ ਕੇਂਦਰ ਸੰਧੂ ਪੱਤੀ, ਸਬ ਡਿਵੀਜ਼ਨਲ ਹਸਪਤਾਲ ਤਪਾ ਜਾਂ ਸੀਐਸਸੀ ਧਨੌਲਾ, ਮਹਿਲ ਕਲਾਂ ਤੇ ਭਦੌੜ ਵਿਚ ਜਾ ਕੇ ਵੈਕਸੀਨ ਲਵਾ ਸਕਦੇ ਹਨ। ਉਨਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਸ ਦੀ ਫੀਸ 250 ਰੁਪਏ ਹੈ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਮਾਸ ਮੀਡੀਆ ਵਿੰਗ ਵੱਲੋਂ ਕਰੋਨਾ ਵਿਰੁੱਧ ਵੈਕਸੀਨ ਲਵਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲਾ ਬੀਸੀਸੀ ਕੋਆਰਡੀਨੇਟਰ ਹਰਜੀਤ ਸਿੰਘ, ਬੀਈਈ ਬਲਰਾਜ ਸਿੰਘ ਤੇ ਸਿਹਤ ਵਿਭਾਗ ਦਾ ਹੋਰ ਸਟਾਫ ਹਾਜ਼ਰ ਸੀ।