ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਨਵ ਜੰਮੀਆਂ ਬੱਚੀਆਂ ਦਾ ਵਧਾਈ ਪੱਤਰਾਂ ਨਾਲ ਸਨਮਾਨ
ਮਾਪਿਆਂ ਨੇ ਲੜਕੀਆਂ ਦੇ ਬਿਹਤਰੀਨ ਪਾਲਣ-ਪੋਸ਼ਣ ਦਾ ਲਿਆ ਸੰਕਲਪ
ਹਰਿੰਦਰ ਨਿੱਕਾ , ਬਰਨਾਲਾ, 4 ਮਾਰਚ 2021
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਚਲਾਈ ਜਾ ਰਹੀ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਅਤੇ ਸਨਮਾਨ ਸਮਾਗਮਾਂ ਦੀ ਲੜੀ ਤਹਿਤ ਅੱਜ ਇੱਥੇ ਐਲਬੀਐਸ ਆਰੀਆ ਮਹਿਲਾ ਕਾਲਜ ਵਿਖੇ ਨਵ-ਜੰਮੀਆਂ ਬੱਚੀਆਂ ਦੇ ਸਨਮਾਨ ਲਈ ਜ਼ਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਦੀ ਅਗਵਾਈ ’ਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਪੁੱਜੇ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਖਿਆ ਕਿ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਜਿੱਥੇ ਨਵ ਜੰਮੀਆਂ ਬੱਚੀਆਂ ਦੇ ਮਾਪਿਆਂ ਦਾ ਸਨਮਾਨ ਕੀਤਾ ਜਾਂਦਾ ਹੈ, ਉਥੇ ਪੜਾਈ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਸਮੇਂ ਸਮੇਂ ’ਤੇ ਸਨਮਾਨ ਕੀਤਾ ਜਾਂਦਾ ਹੈ। ਅਜਿਹੇ ਉਪਰਾਲਿਆਂ ਅਤੇ ਮਾਪਿਆਂ ਦੇ ਸੁਚੇਤ ਹੋਣ ਸਦਕਾ ਜ਼ਿਲਾ ਬਰਨਾਲਾ ਵਿੱਚ ਲੜਕੀਆਂ ਦੀ ਜਨਮ ਦਰ ਵਧੀ ਹੈ ਅਤੇ ਜਲਦੀ ਹੀ ਅਸੀਂ ਸੂਬੇ ਭਰ ’ਚੋਂ ਮੋਹਰੀ ਸਥਾਨ ਹਾਸਲ ਕਰਾਂਗੇ। ਉਨਾਂ ਧੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੀ ਨਾਮ ਪਲੇਟ ’ਤੇ ਆਪਣੀਆਂ ਧੀਆਂ ਦਾ ਨਾਮ ਜ਼ਰੂਰ ਉਕਰਵਾਉਣ।
ਇਸ ਮੌਕੇ ਜਿੱਥੇ ਹਾਜ਼ਰੀਨ ਵੱਲੋਂ ਧੀਆਂ ਦੇ ਚੰਗੇ ਪਾਲਣ-ਪੋਸ਼ਣ ਦਾ ਸੰਕਲਪ ਲਿਆ ਗਿਆ, ਉਥੇ ਡਿਪਟੀ ਕਮਿਸ਼ਨਰ ਸ. ਫੂਲਕਾ, ਜ਼ਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਤੇ ਐਲਬੀਐਸ ਕਾਲਜ ਪਿ੍ਰੰਸੀਪਲ ਮੈਡਮ ਨੀਲਮ ਸ਼ਰਮਾ ਵੱਲੋਂ ਬਰਨਾਲਾ ਨਾਲ ਸਬੰਧਤ 31 ਨਵ ਜੰਮੀਆਂ ਬੱਚੀਆਂ ਦਾ ਬੇਬੀ ਕਿੱੱਟਾਂ, ਮਠਿਆਈਆਂ ਅਤੇ ਮੁੱਖ ਮੰਤਰੀ ਪੰਜਾਬ ਤਰਫੋਂ ਵਧਾਈ ਪੱਤਰਾਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਐਲਬੀਐਸ ਕਾਲਜ ਦੇ ਪ੍ਰੋਫੈਸਰ ਮੈਡਮ ਜਸਵਿੰਦਰ ਕੌਰ ਅਤੇ ਐਲਬੀਐਸ ਸਕੂਲ ਦੇ ਲੈਕਚਰਾਰ ਮੈਡਮ ਵੀਰਪਾਲ ਕੌਰ ਵੱਲੋਂ ਧੀਆਂ ਬਾਰੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਬਾਲ ਸੁਰੱਖਿਆ ਅਫਸਰ ਅਭਿਸ਼ੇਕ ਸਿੰਗਲਾ, ਸਮਾਜਿਕ ਸਰੁੱਖਿਆ ਤੇ ਇਸਤਰੀ ਤੇ ਭਲਾਈ ਵਿਭਾਗ ਬਰਨਾਲਾ ਦਾ ਹੋਰ ਸਟਾਫ, ਕਾਲਜ ਸਟਾਫ ਅਤੇ ਨਵ ਜੰਮੀਆਂ ਬੱਚੀਆਂ ਦੇ ਮਾਪੇ ਹਾਜ਼ਰ ਸਨ।