ਹੁਣ ਤੱਕ ਜ਼ਿਲਾ ਬਰਨਾਲਾ ਵਿਚ ਵੈਕਸੀਨ ਦੀਆਂ 2036 ਡੋਜ਼ਾਂ ਲੱਗੀਆਂ
ਰਘਵੀਰ ਹੈਪੀ , ਬਰਨਾਲਾ, 4 ਮਾਰਚ 2021
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਮਾਰੀ ਤੋਂ ਸੂਬਾ ਵਾਸੀਆਂ ਦਾ ਬਚਾਅ ਕਰਨ ਲਈ ਮਿਸ਼ਨ ਫਤਿਹ ਤਹਿਤ ਟੀਕਾਕਰਨ ਮੁਹਿੰਮ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਬਰਨਾਲਾ ਵਿੱਚ ਕਰੋਨਾ ਵੈਕਸੀਨ ਦੀਆਂ ਕੁੱਲ 2036 ਡੋਜ਼ਾਂ ਲੱਗ ਚੁੱਕੀਆਂ ਹਨ, ਜਿਨਾਂ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਅਤੇ 45 ਸਾਲ ਤੋਂ ਵੱਧ ਉਮਰ ਦੇ ਉਹ ਵਿਅਕਤੀ ਜੋ ਸਹਿ ਰੋਗਾਂ ਤੋਂ ਪੀੜਤ ਹਨ, ਨੂੰ ਵੈਕਸੀਨ ਦੀਆਂ 272 ਡੋਜ਼ਾਂ ਲੱਗ ਚੁੱਕੀਆਂ ਹਨ।
ਇਸ ਮੌਕ ਜ਼ਿਲਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ ਸਿਵਲ ਹਸਪਤਾਲ ਬਰਨਾਲਾ, ਸਬ ਡਵੀਜ਼ਨਲ ਹਸਪਤਾਲ ਤਪਾ, ਸੀ.ਐਚ.ਸੀ. ਮਹਿਲ ਕਲਾਂ ਤੇ ਧਨੌਲਾ ਵਿਖੇ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਸਨ ਅਤੇ ਹੁਣ ਇਹਨਾਂ ਸਰਕਾਰੀ ਸਿਹਤ ਸੰਸਥਾਵਾਂ ਦੇ ਨਾਲ ਨਾਲ ਬਰਨਾਲਾ ਦੇ 6 ਪ੍ਰਾਈਵੇਟ ਹਸਪਤਾਲਾਂ (ਸੂਦ ਨਰਸਿੰਗ ਹੋਮ, ਅਵਤਾਰ ਹਸਪਤਾਲ, ਲਾਇਫਲਾਇਨ ਹਸਪਤਾਲ, ਮਿੱਤਲ ਹਸਪਤਾਲ , ਤੱਥਗੁਰ ਹਸਪਤਾਲ ਅਤੇ ਡਾ. ਨਰੇਸ਼ ਹਸਪਤਾਲ) ਵੱਲੋਂ ਵੀ ਇਹ ਕੋਰੋਨਾ ਵੈਕਸੀਨ 250 ਰੁਪਏ ਪ੍ਰਤੀ ਵੈਕਸੀਨ ਦੀ ਕੀਮਤ ’ਤੇ ਲਗਾਈ ਜਾਵੇਗੀ। ਉਨਾਂ ਦੱਸਿਆ ਕਿ ਹੁਣ ਵੈਕਸੀਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸੇਵਾ ਕੇਂਦਰਾਂ ਵਿਚ ਵੀ ਸ਼ੁਰੂ ਹੋ ਚੁੱਕੀ ਹੈ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਸਮੇਂ ਦੱਸਿਆ ਕਿ ਕੋੋਰੋਨਾ ਮਹਾਮਾਰੀ ਦੇ ਜੜੋਂ ਖਾਤਮੇ ਲਈ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਵਾਰੀ ਅਨੁਸਾਰ ਕੋਰੋਨਾ ਵੈਕਸੀਨ ਜ਼ਰੂਰ ਲਗਵਾਈ ਜਾਵੇ, ਜੋ ਕਿ ਪੂਰੀ ਤਰਾਂ ਸੁਰੱਖਿਅਤ ਹੈ।