ਮਿਸ਼ਨ ਫਤਿਹ- 4316 ਪਾਜ਼ੀਟਿਵ ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਹੋਏ ਸਿਹਤਯਾਬ- ਰਾਮਵੀਰ
ਹਰਪ੍ਰੀਤ ਕੌਰ , ਸੰਗਰੂਰ, 03 ਮਾਰਚ 2021
ਕੋਵਿਡ-19 ਦੇ ਮਾਮਲਿਆਂ ਨੂੰ ਵੱਧਣ ਤੋਂ ਰੋਕਣ ਲਈ ਵੈਕਸੀਨ ਦੇ ਨਾਲ-ਨਾਲ ਸਾਵਧਾਨੀਆਂ ਦੀ ਵਰਤੋਂ ਵੀ ਵੱਡੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਰੀ ਫ਼ੇਸਬੁੱਕ ਪ੍ਰੋਗਰਾਮ ਦੌਰਾਨ ਜ਼ਿਲਾ ਵਾਸੀਆਂ ਨਾਲ ਰੂ-ਬ-ਰੂ ਹੁੰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਭਾਵੇਂ ਕਿ ਵੈਕਸੀਨ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਪਰ ਫ਼ਿਰ ਵੀ ਸਾਵਧਾਨੀਆਂ ਲੋੜ ਹੈ। ਉਨਾਂ ਕਿਹਾ ਕਿ ਇਤਿਹਾਸ ਵਿੱਚ ਵੀ ਕੋਈ ਮਹਾਮਾਰੀ ਉਦੋਂ ਹੀ ਘਾਤਕ ਸਿੱਧ ਹੋਈ ਹੈ, ਜਦੋਂ ਲੋਕਾਂ ਵੱੱਲੋਂ ਸਾਵਧਾਨੀਆਂ ਨੂੰ ਘੱਟ ਕੀਤਾ ਗਿਆ। 1918 ਵਿੱਚ ਫ਼ੈਲਿਆ ਸਪੈਨਿਸ਼ ਫਲੂ ਇਸਦੀ ਇੱਕ ਉਦਾਹਰਨ ਹੈ। ਉਨਾਂ ਕਿਹਾ ਕਿ ਭੀੜ ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਜੇਕਰ ਜਾਣਾ ਵੀ ਹੋਵੇ ਤਾਂ ਨੱਕ ਅਤੇ ਮੂੰਹ ਨੂੰ ਚੰਗੀ ਤਰਾਂ ਮਾਸਕ ਨਾਲ ਢੱਕ ਕੇ ਰੱਖਿਆ ਜਾਵੇ। ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਜਾਂ ਸੈਨੇਟਾਇਜ਼ਰ ਨਾਲ ਸਾਫ਼ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਨੁੱਖੀ ਜੀਵਨ ਲਈ ਲੋੜੀਂਦੀਆਂ ਬੁਨਿਆਦੀ ਸੇਵਾਵਾਂ ਨੂੰ ਬਹਾਲ ਰੱਖਣ ਲਈ ਹਰੇਕ ਵਿਅਕਤੀ ਨੂੰ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਜ਼ਿਲੇ ਅੰਦਰ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਲੱਖ 48 ਹਜ਼ਾਰ 589 ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇੰਨਾਂ ਵਿੱਚੋਂ 2 ਲੱੱਖ 43 ਹਜ਼ਾਰ 952 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। 4316 ਪਾਜ਼ੀਟਿਵ ਵਿਅਕਤੀ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਅੱਜ 10 ਹੋਰ ਮਰੀਜਾਂ ਨੇ ਕੋਰੋਨਾ ਨੰੂ ਹਰਾ ਕੇ ਫਤਹਿ ਹਾਸਿਲ ਕੀਤੀ ਹੈ।