ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਹੁਣ ਬਣੀਆਂ ਐਲ.ਕੇ.ਜੀ ਅਤੇ ਯੂ.ਕੇ.ਜੀ

Advertisement
Spread information

ਅਗਲੇ ਵਿੱਦਿਅਕ ਸੈਸ਼ਨ ਲਈ ਦਾਖਲੇ ਵੀ ਸ਼ੁਰੂ


ਰਘਵੀਰ ਹੈਪੀ , ਬਰਨਾਲਾ,26 ਫਰਵਰੀ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਮਿਆਰੀ ਸਿੱਖਿਆ ਨਾਲ ਜੋੜਨ ਦੇ ਮਨੋਰਥ ਨਾਲ ਸਾਲ 2017 ਦੌਰਾਨ ਸ਼ੁਰੂ ਕੀਤੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਹੋਰ ਆਕਰਸ਼ਕ ਬਣਾਉਣ ਲਈ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਕਮਰਿਆਂ ਨੂੰ ਬਾਲ ਮਨੋਵਿਗਿਆਨ ਨਜ਼ਰੀਏ ਤੋਂ ਤਿਆਰ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਦੇ ਬੈਠਣ ਲਈ ਰੰਗਦਾਰ ਫਰਨੀਚਰ ਮੁਹੱਈਆ ਕਰਵਾਇਆ ਜਾ ਰਿਹਾ ਹੈ।ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਪਹਿਲੀ ਵਾਰ ਵੱਖਰੇ ਤੌਰ ‘ਤੇ  ਅਧਿਆਪਕਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਜਾ ਰਹੀਆਂ ਹਨ।ਸਕੂਲ ਸਿੱਖਿਆ ਵਿਭਾਗ ਨੇ ਹੁਣ ਮਾਪਿਆਂ ਅਤੇ ਅਧਿਆਪਕਾਂ ਦੀ ਮੰਗ ਅਨੁਸਾਰ ਮਾਪਿਆਂ ਲਈ ਲਗਾਤਾਰ ਖਿੱਚ ਦਾ ਕੇਂਦਰ ਬਣ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਮ ਬਦਲ ਕੇ ਐਲ.ਕੇ.ਜੀ ਅਤੇ ਯੂ.ਕੇ.ਜੀ ਕਰਨ ਦਾ ਫੈਸਲਾ ਕੀਤਾ ਹੈ।
          ਸ੍ਰੀਮਤੀ ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਚੱਲ ਰਹੀਆਂ ਹਨ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਪ੍ਰੀ-ਪ੍ਰਾਇਮਰੀ-1 ਅਤੇ ਪ੍ਰੀ-ਪ੍ਰਾਇਮਰੀ-2 ਜਮਾਤਾਂ ਦੇ ਨਾਮ ਬਦਲ ਕੇ ਕ੍ਰਮਵਾਰ ਐਲ.ਕੇ.ਜੀ ਅਤੇ ਯੂ.ਕੇ.ਜੀ ਕਰ ਦਿੱਤੇ ਗਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਹੁਣ ਭਵਿੱਖ ਵਿੱਚ ਪ੍ਰੀ-ਪ੍ਰਾਇਮਰੀ-1 ਨੂੰ ਐਲ.ਕੇ.ਜੀ ਅਤੇ ਪ੍ਰੀ-ਪ੍ਰਾਇਮਰੀ-2 ਨੂੰ ਯੂ.ਕੇ.ਜੀ ਨਾਮ ਨਾਲ ਜਾਣਿਆ ਜਾਵੇਗਾ।ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਅਗਲੇ ਵਿੱਦਿਅਕ ਸੈਸ਼ਨ ਲਈ ਬਾਕੀ ਜਮਾਤਾਂ ਵਾਂਗ ਹੀ ਐਲ.ਕੇ.ਜੀ ਅਤੇ ਯੂ.ਕੇ.ਜੀ ਜਮਾਤਾਂ ਦੇ ਦਾਖਲੇ ਵੀ ਜਾਰੀ ਹਨ।ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚੇ ਦਾ ਸਕੂਲ ਦਾਖਲਾ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਸਰਕਾਰੀ ਸਕੂਲ ਦਾ ਦੌਰਾ ਜਰੂਰ ਕਰਨ।
         ਸ੍ਰ ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਨੇ ਕਿਹਾ ਕਿ ਮਾਪਿਆਂ ਵਿੱਚ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਸਕੂਲ ਭੇਜਣ ਦੇ ਪੈਦਾ ਹੋਏ ਰੁਝਾਨ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੀਆਂ ਐਲ.ਕੇ.ਜੀ ਅਤੇ ਯੂ.ਕੇ.ਜੀ ਜਮਾਤਾਂ ਵਰਦਾਨ ਸਿੱਧ ਹੋ ਰਹੀਆਂ ਹਨ।ਇਹਨਾਂ ਜਮਾਤਾਂ ਦੀ ਸ਼ੁਰੂਆਤ ਨਾਲ ਮਾਪਿਆਂ ਨੂੰ ਪਹਿਲੀ ਜਮਾਤ ਦੇ ਦਾਖਲੇ ਦੀ ਉਮਰ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਦਾਖਲਾ ਹੋਰ ਕਿਸੇ ਸਕੂਲ ਵਿੱਚ ਕਰਵਾਉਣ ਦੀ ਜਰੂਰਤ ਨਹੀਂ।ਸ੍ਰ ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਮਾਪਿਆਂ ਨੂੰ ਆਪੋ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾ ਕੇ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਅਤੇ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਪੜ੍ਹਾਈ ਦਾ ਲਾਭ ਜਰੂਰ ਉਠਾਉਣਾ ਚਾਹੀਦਾ ਹੈ।
Advertisement
Advertisement
Advertisement
Advertisement
Advertisement
error: Content is protected !!