ਸੰਚਾਲਨ ਕਮੇਟੀ ਨੂੰ 2100 ਰੁ. ਦੀ ਸਹਾਇਤਾ ਰਾਸ਼ੀ ਵੀ ਸੌਂਪੀ
ਲੈਕਚਰਾਰ ਚਰਨਜੀਤ ਕੌਰ ਠੀਕਰੀਵਾਲ ਨੇ ਸੇਵਾਮੁਕਤੀ ਸਮੇਂ 2100 ਰੁ. ਦੀ ਸਹਾਇਤਾ ਰਾਸ਼ੀ ਸੰਚਾਲਨ ਕਮੇਟੀ ਨੂੰ ਭੇਂਟ
ਸੋਨੀ ਪਨੇਸਰ /ਰਾਹੁਲ , ਬਰਨਾਲਾ 1 ਫਰਵਰੀ 2021
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 124 ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਬੁਲਾਰੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ ਬਾਬੂ ਸਿੰਘ ਖੁੱਡੀਕਲਾਂ ਕਰਨੈਲ ਸਿੰਘ ਗਾਂਧੀ ਗੁਰਚਰਨ ਸਿੰਘ ਚਰਨਜੀਤ ਕੌਰ ਸੁਖਦੇਵ ਭੁਪਾਲ, ਗੁਰਬਖਸ ਸਿੰਘ, ਸੁਖਜੰਟ ਸਿੰਘ, ਸੁਖਦੇਵ ਸਿੰਘ ਵੜੈਚ, ਗੁਲਾਬ ਸਿੰਘ, ਮਹਿੰਦਰ ਸਿੰਘ ਕਾਲਾ,ਪਰਮਿੰਦਰ ਸਿੰਘ ਹੰਢਿਆਇਆ ਨੇ ਕਿਹਾ ਕਿ 1 ਅਸਕਤੂਬਰ 2020 ਤੋਂ ਰੇਲਵੇ ਪਟੜੀਆਂ ਤੋਂ ਸ਼ੁਰੂ ਹੋਇਆ ਵੱਖ-ਵੱਖ ਪੜਾਵਾਂ ਵਿੱਚੋਂ ਗੁਜਰਦਾ ਹੋਇਆ ਕਿਸਾਨ/ਲੋਕ ਸੰੰਘਰਸ਼ ਪੰਜਵੇਂ ਮਹੀਨੇ ਵਿੱਚ ਸ਼ਾਮਿਲ ਹੋ ਗਿਆ ਹੈ।ਇਸ ਸਮੇਂ ਦੌਰਾਨ ਮੋਦੀ ਹਕੂਮਤ ਨੇ ਅਨੇਕਾਂ ਸਾਜਿਸ਼ਾਂ ਰਚੀਆਂ, ਲੋਕ ਮਨਾਂ ਵਿੱਚ ਭੁਲੇਖੇ ਖੜ੍ਹੇ ਕਰਨ ਦੀਆਂ ਚਾਲਾਂ ਚੱਲੀਆਂ, ਗੋਦੀ ਮੀਡੀਆ ਰਾਹੀਂ ਪ੍ਰਚਾਰ ਤੰਤਰ ਤੇਜ ਕੀਤਾ ਕਿ ਇਹ ਤਿੰਨੇ ਕਾਨੂੰਨ ਸਮੇਂ ਦੀ ਲੋੜ ਅਤੇ ਕਿਸਾਨਾਂ ਦੇ ਹਿੱਤਾਂ ਲਈ ਲਿਆਂਦੇ ਗਏ ਹਨ।
ਜਿਨ੍ਹਾਂ ਕਿਸਾਨਾਂ ਦੀ ਮੌਤ ਦੇ ਵਰੰਟ ਜਾਰੀ ਕੀਤੇ ਸਨ,ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਸਨ ਕਿ ਮੋਦੀ ਸਰਕਾਰ ਦੇ ਪ੍ਰਚਾਰ ਤੰਤਰ ਨੂੰ ਕਾਟ ਕਰਨ ਲਈ ਸਿਰਤੋੜ ਯਤਨ ਕਰਨੇ ਪੈਣਗੇ।ਬੁਲਾਰਿਆਂ ਇਨ੍ਹਾਂ ਕਾਨੂੰਨਾਂ ਦੇ ਅਸਲ ਮਕਸਦ ਬਾਰੇ ਗੱਲ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਾਰਾ ਫੰਡ ਅਤੇ ਸੰਸਾਰ ਬੈਂਕ ਜਿਹੀਆਂ ਸਾਮਰਾਜੀ ਸੰਸਥਾਵਾਂ ਦੇ ਦਬਾਅ ਥੱਲੇ ਆਕੇ ਇਹ ਨੀਤੀਆਂ ਘੜ ਰਹੀ ਹੈ। ਨੋਟ ਬੰਦੀ ਤੋਂ ਲੈਕੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਅੰਬਾਨੀਆਂ-ਅਡਾਨੀਆਂ ਨੂੰ ਵੇਚਣ, ਕਿਰਤ ਕੋਡਾਂ ਰਾਹੀਂ ਮਜਦੂਰ ਜਮਾਤ ਉੱਪਰ ਹੱਲਾ ਬੋਲਣ ਤੋਂ ਬਾਅਦ ਕਰੋਨਾ ਸੰਕਟ ਦੌਰਾਨ ਖੇਤੀ ਵਿਰੋਧੀ ਬਿੱਲ (ਕਾਨੂੰਨ) ਲੈਕੇ ਆਉਣ ਤੱਕ ਦਾ ਅਮਲ ਇੱਕ ਵਰਤਾਰਾ ਹੈ। ਇਸ ਲੋਕ ਵਿਰੋਧੀ ਵਰਤਾਰੇ ਖਿਲਾਫ ਮੋਦੀ ਹਕੂਮਤ ਨੂੰ ਬਹੁਤ ਤਿੱਖੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰ ਜਿਉਂ ਹੀ ਜੂਨ ਮਹੀਨੇ ਖੇਤੀ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਤਾਂ ਤੂਫਾਨ ਤੋਂ ਪਹਿਲਾਂ ਸ਼ਾਂਤ ਜਾਪਦੀਆਂ ਹਾਲਾਤਾਂ ਨੇ ਇੱਕਦਮ ਅਜਿਹਾ ਮੋੜ ਕੱਟਿਆ ਜਿਸ ਦੀ ਮੋਦੀ ਹਕੂਮਤ ਨੂੰ ਚਿੱਤ ਚੇਤਾ ਵੀ ਨਹੀਂ ਸੀ।
ਇਸੇ ਕਰਕੇ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਇੱਕਮੁੱਠ ਹੋਕੇ ਸੰਘਰਸ਼ ਨੂੰ ਪਿੰਡ ਪੱਧਰ ਤੋਂ ਸ਼ੁਰੂ ਕਰਕੇ ਪੂਰੀ ਜੀਅ ਜਾਨ ਨਾਲ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਾਇਆ। ਮੋਦੀ ਹਕੂਮਤ ਵੱਲੋਂ 26 ਜਨਵਰੀ ਨੂੰ ਦਿੱਲੀ ਲਾਲ ਕਿਲੇ ਉੱਪਰ ਕੇਸਰੀ ਝੰਡਾ ਝੁਲਾਏ ਜਾਣ ਦੀ ਗਹਿਰੀ ਸਾਜਿਸ਼ ਚੱਲ ਰਹੀਆਂ ਸਾਜਿਸ਼ਾਂ ਦਾ ਜਾਰੀ ਰੂਪ ਸੀ।ਮੋਦੀ ਹਕੂਮਤ ਨੇ ਭਰਮ ਪਾਲਿਆ ਸੀ ਕਿ ਸਮੁੱਚੇ ਮੁਲਕ ਪੱਧਰ ਤੇ ਫੈਲ ਚੁੱਕੇ ਕਿਸਾਨ/ਲੋਕ ਸੰਘਰਸ਼ ਨੂੰ ਸੰਘਰਸ਼ ਦੀ ਬੁਨਿਆਦ ਪੰਜਾਬ ਦੇ ਕਿਸਾਨਾਂ ਖਿਲਾਫ ਇਸ ਕੇਸਰੀ ਝੰਡਾ ਝੁਲਾਏ ਜਾਣ ਦੀ ਘਟਨਾ ਨੂੰ ਭੁਗਤਾਕੇ ਖਤਮ ਕਰਵਾ ਦਿੱਤਾ ਜਾਵੇਗਾ। ਖੁਦ ਸਾਜਿਸ਼ ਰਚਕੇ ਕੀਤੇ ਡਰਾਮੇ ਵਿੱਚ ਦਿੱਲੀ ਸਮੇਤ ਮੁਲਕ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਆਮ ਨੌਜਵਾਨਾਂ ਉੱਪਰ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਕੇ ਆਮ ਲੋਕਾਈ ਦੇ ਮਨਾਂ ਅੰਦਰ ਦਹਿਸ਼ਤ ਪਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ।ਬੁਲਾਰਿਆਂ ਜੋਰਦਾਰ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ।ਦੀਪ ਸਿੱਧੂ ਵਰਗੇ ਇਸ ਘਟਨਾ ਦੇ ਜਿੰਮੇਵਾਰ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਅੰਦਰ ਸੁੱਟਿਆ ਜਾਵੇ। ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਸਾਜਿਸ਼ਾਂ ਨੂੰ ਪਛਾੜਦਿਆਂ ਕਾਲੇ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੱਕ ਹੋਰ ਵੱਧ ਜਿੰਮੇਵਾਰੀ ਨਾਲ ਇਹ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਹਕੂਮਤ ਲੱਖ ਸਾਜਿਸ਼ਾਂ ਸਾਜਿਸ਼ਾਂ ਰਚੇ ਸਾਡੀ ਜਿੱਤ ਅਟੱਲ ਹੈ ਕਿਉਂਕਿ ਇਹ ਕਾਨੂੰਨ ਕਿਸਾਨੀ ਸਮੇਤ ਸਮੁੱਚੀ ਮਿਹਨਤਕਸ਼ ਲੋਕਾਈ ਨੂੰ ਪ੍ਰਭਾਵਿਤ ਕਰਦੇ ਹਨ।
ਅੱਜ ਦੀ ਭੁੱਖ ਹੜਤਾਲ ਦੀ ਕਮਾਨ ਬਿਜਲੀ ਬੋਰਡ ਦੇ ਪੈਨਸ਼ਨਰਾਂ ਦੀ ਜਥੇਬੰਦੀ ਨੇ ਸੰਭਾਲਿਆ ਅਤੇ ਸੰਚਾਲਨ ਕਮੇਟੀ ਦੀ ਝੋਲੀ ਵਿੱਚ 2100 ਰੁ. ਫੰਡ ਵਿੱਚ ਸਹਿਯੋਗ ਰਾਸ਼ੀ ਵੀ ਸੰਚਾਲਨ ਕਮੇਟੀ ਨੂੰ ਸੌਂਪੀ। ਭੁੱਖ ਹੜਤਾਲ ਵਿੱਚ ਸਾਮਿਲ ਹੋਣ ਵਾਲੇ ਕਾਫਲੇ ਵਿੱਚ ਜੱਗਾ ਸਿੰਘ, ਗੁਰਚਰਨ ਸਿੰਘ, ਮੇਜਰ ਸਿੰਘ, ਹਰਨੇਕ ਸਿੰਘ, ਮਹਿੰਦਰ ਸਿੰਘ ਕਾਲਾ, ਸਿੰਦਰ ਸਿੰਘ ਧੋਲਾ, ਕਰਤਾਰ ਸਿੰਘ ਭੱਠਲ,ਗੁਰਮੀਤ ਦਾਸ, ਬਹਾਦਰ ਸਿੰਘ, ਬੇਅੰਤ ਸਿੰਘ ਸ਼ਾਮਿਲ ਹੋਏ। ਗੁਰਤੇਜ ਹਠੂਰ, ਸੁਦਰਸ਼ਨ ਗੁੱਡੂ ਨਰਿੰਦਰਪਾਲ ਸਿੰਗਲਾ ਅਤੇ ਬੀਰਾ ਸੇਖਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਸੰਘਰਸ਼ ਦੌਰਾਨ ਨਵੀਆਂ ਉਸਾਰੂ ਪਿਰਤਾਂ ਸਿਰਜੀਆਂ ਜਾ ਰਹੀਆਂ ਹਨ, ਇਹ ਕਿਸਾਨ ਸੰਘਰਸ਼ ਸਹੀ ਮਾਅਨਿਆਂ ਵਿੱਚ ਲੋਕ ਸੰਘਰਸ਼ ਬਣ ਗਿਆ ਹੈ। ਕੱਲ੍ਹ ਸੇਵਾ ਮੁਕਤ ਲੈਕਚਰਾਰ ਚਰਨਜੀਤ ਕੌਰ ਵੱਲੋਂ 2100 ਰੁ. ਸਾਂਝੇ ਕਿਸਾਨ ਸੰਘਰਸ਼ ਲਈ ਫੰਡ ਭੇਜਕੇ ਜੂਝਦੇ ਕਾਫਲਿਆਂ ਦਾ ਵਡੇਰਾ ਮਾਣ ਕੀਤਾ। ਸੰਚਾਲਨ ਕਮੇਟੀ ਨੇ ਮੈਡਮ ਚਰਨਜੀਤ ਕੌਰ ਦਾ ਧੰਨਵਾਦ ਕਰਦਿਆਂ ਅਜਿਹੀਆਂ ਉਸਾਰੂ ਪਿਰਤਾਂ ਦੀ ਜੋਰਦਾਰ ਸ਼ਲਾਘਾ ਕੀਤੀ ।
ਇਸੇ ਹੀ ਤਰਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਬਾਜਾ ਖਾਨਾਰੋਡ ਬਰਨਾਲਾ ਵਿਖੇ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 121 ਵੇਂ ਦਿਨ ਸ਼ਾਮਿਲ ਹੋ ਗਿਆ। ਇਸ ਸਮੇਂ ਪ੍ਰੇਮਪਾਲ ਕੌਰ, ਹਰਚਰਨ ਚੰਨਾ, ਸੁਖਦੇਵ ਸਿੰਘ ਮੱਲੀ, ਰਾਮ ਸਿੰਘ ਕਲੇਰ, ਬਲਵੀਰ ਸਿੰਘ , ਸੁਖਦੇਵ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ ਭਾਗ ਸਿੰਘ ਕਰਮਗੜ,ਅਜਮੇਰ ਸਿੰਘ ਨੇ ਵਿਚਾਰ ਸਾਂਝੇ ਕੀਤੇ ।