18 ਤੋਂ 31 ਜਨਵਰੀ ਦਰਮਿਆਨ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣਗੇ ਐਡਮਿਟ ਕਾਰਡ
ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਮੀਦਵਾਰ ਨੂੰ ਭਰਨਾ ਹੋਵੇਗਾ ਫਾਰਮ
ਹਰੇਕ ਉਮੀਦਵਾਰ ਕੋਲ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਹੋਣਾ ਲਾਜ਼ਮੀ
ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਭਰਤੀ ‘ਚ ਲੈ ਸਕਣਗੇ ਹਿੱਸਾ
ਰਾਜੇਸ਼ ਗੌਤਮ ,ਪਟਿਆਲਾ, 22 ਦਸੰਬਰ:2020
ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਭਾਰਤੀ ਫ਼ੌਜ ‘ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ 7 ਫਰਵਰੀ ਤੋਂ 26 ਫਰਵਰੀ 2021 ਤੱਕ ਕਰਵਾਈ ਜਾ ਰਹੀ ਹੈ, ਇਸ ਰੈਲੀ ਵਿਖੇ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ। ਇਹ ਜਾਣਕਾਰੀ ਡਾਇਰੈਕਟਰ ਆਰਮੀ ਭਰਤੀ ਕਰਨਲ ਆਰ.ਆਰ. ਚੰਦੇਲ ਨੇ ਦਿੱਤੀ।
ਕਰਨਲ ਚੰਦੇਲ ਨੇ ਦੱਸਿਆ ਕਿ ਪਟਿਆਲਾ-ਸੰਗਰੂਰ ਰੋਡ ‘ਤੇ ਸਥਿਤ ਫ਼ਲਾਇੰਗ ਕਲੱਬ ਪਟਿਆਲਾ ਦੇ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਇਸ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਅਤੇ ਸਿਪਾਹੀ ਤਕਨੀਕੀ (ਐਨ.ਏ.) ਦੀ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਭਰਤੀ ਰੈਲੀ ‘ਚ ਪਹਿਲਾਂ ਤੋਂ ਰਜਿਸਟਰਡ ਨੌਜਵਾਨਾਂ ਹੀ ਹਿੱਸਾ ਲੈ ਸਕਣਗੇ ਅਤੇ ਇਨ੍ਹਾਂ ਨੂੰ 18 ਤੋਂ 31 ਜਨਵਰੀ 2021 ਦਰਮਿਆਨ ਐਡਮਿਟ ਕਾਰਡ ਉਮੀਦਵਾਰ ਦੇ ਰਜਿਸਟਰਡ ਈ-ਮੇਲ ‘ਤੇ ਭੇਜੇ ਜਾਣਗੇ ਅਤੇ ਜੇਕਰ ਕਿਸੇ ਉਮੀਦਵਾਰ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ‘ਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਆਰਮੀ ਭਰਤੀ ਦਫ਼ਤਰ ਪਟਿਆਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸੰਪਰਕ ਕਰ ਸਕਦੇ ਹਨ।
ਭਰਤੀ ਡਾਇਰੈਕਟਰ ਨੇ ਦੱਸਿਆ ਕਿ ਭਰਤੀ ਰੈਲੀ ‘ਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਕੋਵਿਡ-19 ਸਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਇਸ ਸਬੰਧੀ ਦੋ ਫਾਰਮ ਭਰਕੇ ਦੇਣੇ ਹੋਣਗੇ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਹਰੇਕ ਉਮੀਦਵਾਰ ਕੋਲ ਮਾਸਕ, ਦਸਤਾਨੇ ਅਤੇ ਆਪਣਾ ਸੈਨੇਟਾਈਜ਼ਰ ਹੋਣਾ ਲਾਜ਼ਮੀ ਹੈ।
ਕਰਨਲ ਚੰਦੇਲ ਨੇ ਹੋਰ ਦੱਸਿਆ ਕਿ ਆਰਮੀ ‘ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ‘ਤੇ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਇਸ ਭਰਤੀ ਲਈ ਕਿਸੇ ਨੂੰ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਵੀ ਤਰ੍ਹਾਂ ਦੇ ਟਾਊਟਾਂ ਤੋਂ ਸਾਵਧਾਨ ਰਹਿਣ।