ਛੇਵੀਂ ਜਮਾਤ ਲਈ ਫਾਰਮ ਭਰਨ ਦੀ ਆਖਰੀ ਮਿਤੀ 29 ਦਸੰਬਰ ਅਤੇ ਨੌਂਵੀਂ ਜਮਾਤ ਲਈ ਫਾਰਮ ਭਰਨ ਦੀ ਆਖਰੀ ਮਿਤੀ 31 ਦਸੰਬਰ ਤੱਕ ਵਧਾਈ
ਰਘਵੀਰ ਹੈਪੀ , ਬਰਨਾਲਾ, 17 ਦਸੰਬਰ 2020
ਜਵਾਹਰ ਨਵੋਦਿਆ ਵਿਦਿਆਲਯ ਢਿੱਲਵਾਂ (ਤਪਾ) ਦੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਜਵਾਹਰ ਨਵੋਦਿਆ ਸਕੂਲ ਵਿਚ ਛੇਵੀਂ ਜਮਾਤ ਵਿਚ ਦਾਖਲਾ ਲੈਣ ਲਈ ਆਨਲਾਈਨ ਫਾਰਮ ਭਰਨੇ ਮਿਤੀ 22 ਅਕਤੂਬਰ 2020 ਤੋਂ ਸ਼ੁਰੂ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਹ ਉਮੀਦਵਾਰ ਜਿਨ੍ਹਾਂ ਦਾ ਜਨਮ ਮਿਤੀ 1.5.2008 ਤੇ 30.4.2012 ਵਿਚਕਾਰ ਹੋਇਆ ਹੋਵੇ ਅਤੇ ਤੀਜੀ ਤੇ ਚੌਥੀ ਜਮਾਤ ਲਗਾਤਾਰ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਹੁਣ ਪੰਜਵੀਂ ਜਮਾਤ ’ਚ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿਚ ਜ਼ਿਲ੍ਹਾ ਬਰਨਾਲਾ ਵਿਚ ਪੜ੍ਹ ਰਿਹਾ ਹੋਵੇ, ਆਨਲਾਈਨ ਫਾਰਮ ਭਰ ਸਕਦਾ ਹੈ। ਕੋਈ ਵੀ ਉਮੀਦਵਾਰ ਜੋ ਛੇਵੀਂ ਜਮਾਤ ਵਿਚ ਪੜ੍ਹਦਾ ਹੈ, ਨਵੋਦਿਆ ਦਾ ਪੇਪਰ ਨਹੀਂ ਦੇ ਸਕਦਾ।
ਉਨ੍ਹਾਂ ਦੱਸਿਆ ਕਿ ਵਿਭਾਗ ਦੀ ਵੈਬਾਸਾਈਟ www.navodaya.gov.in ’ਤੇ ਫਾਰਮ ਬਿਲਕੁਲ ਮੁਫਤ ਪ੍ਰਾਪਤ ਕਰ ਸਕਦੇ ਹੋ। ਫਾਰਮ ਭਰਨ ਦੀ ਆਖਰੀ ਮਿਤੀ ਵਿੱਚ ਵਾਧਾ ਕਰਦਿਆਂ 29 ਦਸੰਬਰ 2020 ਕੀਤੀ ਗਈ ਹੈ ਅਤੇ ਪੇਪਰ 10 ਅਪਰੈਲ 2021 (ਸ਼ਨਿਚਰਵਾਰ) ਨੂੰ ਹੋਵੇਗਾ। ਹੋਰ ਜਾਣਕਾਰੀ ਲਈ ਹੈਲਪਲਾਈਨ ਨੰਬਰ 9876129764, 9417595593 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਨੌਂਵੀਂ ਜਮਾਤ ਵਿੱਚ ਦਾਖਲੇ ਲਈ ਆਖਰੀ ਮਿਤੀ 31 ਦਸੰਬਰ 2020 ਤੱਕ ਵਧਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਯ ਢਿੱਲਵਾਂ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਚੱਲ ਰਿਹਾ ਹੈ ਅਤੇ ਸੀਬੀਐਸਈ ਬੋਰਡ ਤੋਂ ਮਾਨਤਾ ਪ੍ਰਾਪਤ ਹੈ। ਇਸ ਸਕੂਲ ਵਿਚ ਵਿਦਿਆਰਥੀਆਂ ਲਈ ਹੋਸਟਲ ਦਾ ਪ੍ਰਬੰਧ ਹੈ ਅਤੇ ਖਾਣਾ-ਪੀਣਾ, ਵਰਦੀ, ਕਿਤਾਬਾਂ ਤੇ ਸਟੇਸ਼ਨਰੀ ਦਾ ਸਾਮਾਨ ਮੁਫਤ ਦਿੱਤਾ ਜਾਂਦਾ ਹੈ। ਉਨ੍ਹਾਂ ਯੋਗ ਵਿਦਿਆਰਥੀਆਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ।