ਆਈ. ਜੀ. ਔਲਖ ਦੇ ਦਖਲ ਤੋਂ ਬਾਅਦ ਬਰਨਾਲਾ ਪੁਲਿਸ ਨੇ ਦਰਜ ਕੀਤੀ F.I.R.
ਹਰਿਆਣਾ ਵਿਧਾਨ ਸਭਾ ਦੇ ਇੱਕ ਆਲ੍ਹਾ ਅਧਿਕਾਰੀ ਦੀ ਪਤਨੀ ਦੇ ਬੱਸ ‘ਚ ਪਏ ਅਟੈਚੀ ਵਿੱਚੋਂ ਹੋਈ ਸੀ ਚੋਰੀ
ਹਰਿੰਦਰ ਨਿੱਕਾ , ਬਰਨਾਲਾ 15 ਦਸੰਬਰ 2020
ਹਰਿਆਣਾ ਰੋਡਵੇਜ ਦੀ ਬੱਸ ਵਿੱਚ ਸਫਰ ਕਰਦੀ ਚੰਡੀਗੜ੍ਹ ਵਾਸੀ ਔਰਤ ਬਿਮਲਾ ਦੇਵੀ ਦੇ ਅਟੈਚੀ ਬੈਗ ਵਿੱਚੋਂ 20 ਨਵੰਬਰ ਦੀ ਸਵੇਰ ਵੇਲੇ ਕਰੀਬ 30 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਘਟਨਾ ਤੋਂ ਬਾਅਦ ਐਫ.ਆਈ.ਆਰ. ਦਰਜ ਕਰਵਾਉਣ ਲਈ ਪੀੜਤ ਔਰਤ ਨੂੰ ਇੱਨ੍ਹੀਂ ਜੱਦੋਜਹਿਦ ਕਰਨ ਪਈ, ਕਿ ਉਸ ਨੇ ਬਰਨਾਲਾ ਟੂਡੇ ਦੀ ਟੀਮ ਨਾਲ ਗੱਲ ਕਰਦਿਆਂ ਲੰਬਾ ਹੌਂਕਾ ਭਰਦਿਆਂ ਕਿਹਾ ਕਿ , ਮੈਂ ਕੇਸ ਦਰਜ ਕਰਵਾਉਣ ਅਤੇ ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਚੋਰੀ ਕੀਤਾ ਸੋਨਾ ਬਰਾਮਦ ਕਰਵਾ ਕੇ ਦੇਣ ਲਈ , ਚੰਡੀਗੜ੍ਹ ਤੋਂ ਬਰਨਾਲਾ ਪੁਲਿਸ ਕੋਲ, ਗੇੜੇ ਤੇ ਗੇੜੇ ਲਾਏ, ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਹਰਿਆਣਾ ਵਿਧਾਨ ਸਭਾ ਦੇ ਇੱਕ ਆਲ੍ਹਾ ਅਧਿਕਾਰੀ ਦੀ ਪਤਨੀ ਬਿਮਲਾ ਦੇਵੀ ਨੇ ਕਿਹਾ ਕਿ 21 ਨਵੰਬਰ ਨੂੰ ਉਸ ਨੇ ਆਪਣੇ ਪਤੀ ਨੂੰ ਨਾਲ ਲੈ ਕੇ ਬਰਨਾਲਾ ਪੁਲਿਸ ਨੂੰ ਲਿਖਤੀ ਸ਼ਕਾਇਤ ਦਿੱਤੀ। ਪਰੰਤੂ ਸ਼ਕਾਇਤ ਦੇ ਪੜਤਾਲ ਅਧਿਕਾਰੀ ਏ.ਐਸ.ਆਈ. ਬੂਟਾ ਸਿੰਘ ਨੇ 12 ਦਸੰਬਰ ਯਾਨੀ 22 ਦਿਨ ਤੱਕ ਚੋਰਾਂ ਦੀ ਪਛਾਣ ਕਰਨਾ ਜਾਂ ਗਿਰਫਤਾਰ ਕਰਨਾ ਤਾਂ ਦੂਰ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਨ ਦੀ ਵੀ ਲੋੜ ਨਹੀਂ ਸਮਝੀ, ਬਿਮਲਾ ਦੇਵੀ ਨੇ ਕਿਹਾ ਕਿ 22 ਦਿਨ ਵਿੱਚ ਲੱਗਭੱਗ ਹਰ ਦੂਜੇ ਦਿਨ ਉਹ ਚੰਡੀਗੜ੍ਹ ਤੋਂ ਬਰਨਾਲਾ ਕਾਰ ਤੇ ਆਉਂਦੀ ਰਹੀ। ਇਸ ਤਰਾਂ ਚੰਡੀਗੜ੍ਹ ਬਰਨਾਲਾ ਗੇੜੇ ਲਾਉਂਦਿਆਂ ਦਾ ਹੀ 50 ਹਜਾਰ ਰੁਪਏ ਤੋਂ ਜਿਆਦਾ ਖਰਚ ਹੋ ਗਿਆ। ਜਦੋਂ ਕਿ ਹੋਟਲਾਂ ਵਿੱਚ ਰੁਕਣ ਅਤੇ ਖਾਣੇ ਪੀਣੇ ਤੇ ਹੋਇਆ ਖਰਚ ਵੱਖਰਾ ਹੈ।
ਆਈ.ਜੀ. ਔਲਖ ਨੂੰ ਮਿਲੇ, ਫਿਰ ਦਰਜ ਕੀਤਾ ਕੇਸ
ਬਿਮਲਾ ਦੇਵੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਘਟਨਾ ਦੇ 22 ਦਿਨ ਬੀਤ ਜਾਣ ਤੇ ਵੀ ਕੋਈ ਕੇਸ ਦਰਜ਼ ਨਹੀਂ ਕੀਤਾ ਤਾਂ ਉਹ ਮਜਬੂਰ ਹੋ ਕੇ ਪਟਿਆਲਾ ਰੇਂਜ ਦੇ ਆਈ.ਜੀ. ਜਤਿੰਦਰ ਸਿੰਘ ਔਲਖ ਨੂੰ ਮਿਲੇ। ਜਿੰਨ੍ਹਾਂ ਤੁਰੰਤ ਹੀ ਬਰਨਾਲਾ ਜਿਲ੍ਹੇ ਦੇ ਅਧਿਕਾਰੀਆਂ ਨੂੰ ਕੇਸ ਦਰਜ ਕਰਨ ਦੀ ਹਦਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ 12 ਦਸੰਬਰ ਨੂੰ ਹੋਰ ਬਿਆਨ ਦਰਜ ਕਰਕੇ, ਐਫਆਈਆਰ ਦਰਜ ਕਰ ਦਿੱਤੀ।
ਪੁਲਿਸ ਨੇ 5 ਸ਼ੱਕੀ ਵਿਅਕਤੀ ਫੜ੍ਹੇ ਤੇ ਛੱਡ ਵੀ ਦਿੱਤੇ ,,,,,
ਉਨਾਂ ਦੱਸਿਆ ਕਿ 29 ਨਵੰਬਰ ਨੂੰ ਪੁਲਿਸ ਨੇ ਉਨਾਂ ਨੂੰ ਫੋਨ ਤੇ ਸੂਚਿਤ ਕੀਤਾ ਕਿ ਪੁਲਿਸ ਨੇ ਸ਼ੱਕੀ ਹਾਲਤ ਵਿੱਚ ਹਰਿਆਣਾ ਰਾਜ ਦੇ ਇੱਕ ਪਿੰਡ ਦੇ ਰਹਿਣ ਵਾਲੇ 5 ਸ਼ੱਕੀ ਵਿਅਕਤੀ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਏ ਹਨ। ਜਿਨ੍ਹਾਂ ਦੀ ਸ਼ਨਾਖਤ ਕਰਨ ਲਈ, ਪੁਲਿਸ ਨੇ ਉਸ ਨੂੰ ਥਾਣਾ ਬਰਨਾਲਾ ਵਿੱਚ ਬੁਲਾਇਆ। ਬਿਮਲਾ ਦੇਵੀ ਅਨੁਸਾਰ ਉਸ ਨੇ ਹਿਰਾਸਤ ਵਿੱਚ ਲਏ ਵਿਅਕਤੀਆਂ ਵਿੱਚੋਂ ਕੁਝ ਦੀ ਸ਼ਨਾਖਤ ਵੀ ਕਰ ਲਈ। ਜਿਸ ਤੋਂ ਬਾਅਦ ਉਸ ਨੂੰ ਉਮੀਦ ਬੱਝੀ ਕਿ ਸ਼ਾਇਦ ਹੁਣ ਉਸ ਦਾ ਚੋਰੀ ਹੋਇਆ 14 ਲੱਖ ਰੁਪਏ ਦਾ ਸੋਨਾ ਪੁਲਿਸ ਬਰਾਮਦ ਕਰ ਲਵੇਗੀ। ਪਰੰਤੂ ਅਜਿਹਾ ਹੋਣ ਦੀ ਬਜਾਏ ਪੁਲਿਸ ਨੇ ਹਿਰਾਸਤ ਵਿੱਚ ਲਏ ਸ਼ੱਕੀ ਵਿਅਕਤੀਆਂ ਨੂੰ ਰਿਹਾ ਵੀ ਕਰ ਦਿੱਤਾ। ਉੱਧਰ ਥਾਣਾ ਸਿਟੀ 2 ਦੇ ਐਸ.ਐਚ.ਉ ਗੁਰਮੇਲ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ। ਉਨਾਂ ਕਿਹਾ ਕਿ ਉਮੀਦ ਹੈ, ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।