ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ, ਦੋਸ਼ੀਆਂ ਦੀ ਤਲਾਸ਼ ਜਾਰੀ-ਤਫਤੀਸ਼ ਅਧਿਕਾਰੀ
ਹਰਿੰਦਰ ਨਿੱਕਾ , ਬਰਨਾਲਾ 13 ਦਸੰਬਰ 2020
ਚੰਡੀਗੜ੍ਹ ਦੇ ਸੈਕਟਰ 20 ਬੀ ਦੀ ਰਹਿਣ ਵਾਲੀ ਔਰਤ ਬਿਮਲਾ ਦੇਵੀ ਆਪਣੇ ਭਤੀਜੇ ਦੇ ਵਿਆਹ ‘ਚ ਜਾਂਦੇ ਹੋਏ ਰਾਹ ਵਿੱਚ ਹੀ ਕਰੀਬ 14 ਲੱਖ ਰੁਪਏ ਦੇ ਮੁੱਲ ਦੇ ਸੋਨੇ ਦੇ ਗਹਿਣੇ ਗੁਆ ਕੇ , ਭਰੇ ਮਨ ਨਾਲ, ਅੱਖਾਂ ਪੂੰਝਦੀ ਘਰ ਪਰਤ ਗਈ । ਪੁਲਿਸ ਨੇ ਵੀ ਚੋਰੀ ਦੀ ਵਾਰਦਾਤ ਤੋਂ 23 ਦਿਨ ਬਾਅਦ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਬਿਮਲਾ ਦੇਵੀ ਪਤਨੀ ਇੰਦਰਜੀਤ ਵਾਸੀ ਮਕਾਨ ਨੰਬਰ 1476 ਏ, ਸੈਕਟਰ 20 ਬੀ ਚੰਡੀਗੜ੍ਹ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਪਤੀ ਸਮੇਤ 20 ਨਵੰਬਰ 2020 ਨੂੰ ਆਪਣੇ ਭਤੀਜੇ ਦੇ ਵਿਆਹ ਤੇ ਸਵੇਰ ਦੇ ਸਮੇਂ ਚੰਡੀਗੜ੍ਹ ਅਨੂਪਗੜ੍ਹ ਰੂਟ ਦੀ ਰਾਜਸਥਾਨ ਰੋਡਵੇਜ ਦੀ ਬੱਸ ਨੰਬਰ ਆਰ.ਜੇ.14 ਟੀ.ਈ0 4881 ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਚੌਟਾਲਾ ਹਰਿਆਣਾ ਜਾ ਰਹੀ ਸੀ। ਉਸ ਦਾ ਅਟੈਚੀ ਬੈਗ ਬੱਸ ਦੀ ਖਿੜ੍ਹਕੀ ਕੋਲ ਪਿਆ ਸੀ। ਜਿਸ ਵਿੱਚ ਉਸਦੇ ਕੱਪੜੇ ਲੀੜਿਆਂ ਤੋਂ ਬਿਨਾਂ 30 ਤੋਲੇ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਵੀ ਸੀ।
ਸੰਗਰੂਰ ਬੱਸ ਸਟੈਂਡ ਤੋਂ 5/7 ਨਾ ਮਾਲੂਮ ਵਿਅਕਤੀ ਬੱਸ ਚੜ੍ਹੇ, ਜੋ ਖਿੜ੍ਹਕੀ ਪਾਸ ਹੀ ਖੜ੍ਹੇ ਰਹੇ, ਜਦੋਂ ਬੱਸ ਹੰਡਿਆਇਆ ਕੈਂਚੀਆਂ ਤੇ ਪਹੁੰਚੀ ਤਾਂ ਅਣਪਛਾਤੇ ਵਿਅਕਤੀ ਇਕੱਠੇ ਹੀ ਬੱਸ ਵਿੱਚੋਂ ਉੱਤਰ ਗਏ। ਇਸ ਤੋਂ ਬਾਅਦ ਕੰਡਕਟਰ ਨੇ ਉਸ ਨੂੰ ਦੱਸਿਆ ਕਿ ਉਸ ਦਾ ਅਟੈਚੀ ਬੈਗ ਖੁੱਲ੍ਹਾ ਪਿਆ ਹੈ। ਵੇਖਣ ਤੇ ਪਤਾ ਲੱਗਿਆ ਕਿ ਅਟੈਚੀ ਬੈਗ ਵਿੱਚ ਸੋਨੇ ਦੇ ਗਹਿਣਿਆਂ ਵਾਲਾ ਬੌਕਸ ਚੋਰੀ ਹੋ ਚੁੱਕਾ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਭਾਂਵੇ 23 ਦਿਨ ਪੁਰਾਣੀ ਹੈ, ਪਰੰਤੂ ਬਿਮਲਾ ਦੇਵੀ ਨੇ ਉਸ ਨੂੰ ਆਪਣਾ ਬਿਆਨ 12 ਦਸੰਬਰ ਨੂੰ ਆਈ.ਟੀ.ਆਈ. ਚੌਂਕ ਬਰਨਾਲਾ ਵਿਖੇ ਡਿਊਟੀ ਤੇ ਤਾਇਨਾਤ ਹੋਣ ਸਮੇਂ ਹੀ ਲਿਖਵਾਇਆ । ਉਨਾਂ ਦੱਸਿਆ ਕਿ ਬਿਮਲਾ ਦੇਵੀ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਚੋਰੀ ਦਾ ਕੇਸ ਥਾਣਾ ਸਿਟੀ ਵਿਖੇ ਦਰਜ਼ ਕਰਕੇ, ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਵਰਣਨਯੋਗ ਹੈ ਕਿ ਪੁਲਿਸ ਕੇਸ ਦਰਜ਼ ਹੋਣ ਦੀ ਪੂਰੀ ਕਹਾਣੀ ਵੀ ਬੜੀ ਦਿਲਚਸਪ ਹੈ ,ਜਿਸ ਨੂੰ ਸੁਣਦਿਆਂ ਹੀ ਪੁਲਿਸ ਦੀ ਢਿੱਲੀ ਤੇ ਟਾਲੂ ਕਾਰਵਾਈ ਦਾ ਸੱਚ ਲੋਕਾਂ ਸਾਹਮਣੇ ਸਿਰ ਚੜ੍ਹ ਕੇ ਬੋਲਦਾ ਹਰ ਕਿਸੇ ਨੂੰ ਦਿਖੇਗਾ। ਇਹ ਪੂਰੇ ਘਟਨਾਕ੍ਰਮ ਦੀ ਤਹਿ ਤੱਕ ਜਾਣਕਾਰੀ, ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਇਹ ਚੋਰੀ ਨਾਲ ਜੁੜੀਆਂ ਖਬਰਾਂ ਦੀ ਸੀਰਜ ਵਿੱਚ ਬਰਨਾਲਾ ਟੂਡੇ ਵੱਲੋਂ ਤੱਥਾਂ ਸਹਿਤ ਪੇਸ਼ ਕੀਤੀ ਜਾਵੇਗੀ।