ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਸੁੰਦਰ ਲਿਖਾਈ ਦੀਆਂ ਤਕਨੀਕਾਂ ਤੋਂ ਕਰਵਾਇਆ ਜਾਣੂ
ਰਘਵੀਰ ਹੈਪੀ ਬਰਨਾਲਾ, 7 ਦਸੰਬਰ 2020
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸੁਧਾਰ ਮੁਹਿੰਮ ਤਹਿਤ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਲਿਖਾਈ ਹੋਰ ਸੁੰਦਰ ਬਣਾਉਣ ਦੇ ਮਨੋਰਥ ਨਾਲ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਮੂਹ ਅਧਿਆਪਕਾਂ ਲਈ ਸੱਤ ਰੋਜ਼ਾ ਅੱਖਰਕਾਰੀ ਵਰਕਸ਼ਾਪ ਦਾ ਆਯੋੋਜਨ ਕੀਤਾ ਗਿਆ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਜਸਬੀਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਕਿਹਾ ਕਿ ਹਰੇਕ ਅਧਿਆਪਕ ਲਈ ਆਪਣੇ ਵਿਦਿਆਰਥੀਆਂ ਨੂੰ ਲਿਖਣਾ ਸਿਖਾਉਣ ਸਮੇਂ ਅੱਖਰਾਂ ਦੀ ਸਹੀ ਬਨਾਵਟ ਬਾਰੇ ਗਿਆਨ ਦੇਣ ਤੋਂ ਪਹਿਲਾਂ ਉਹਨਾਂ ਬਾਰੇ ਵਿਵਹਾਰਕ ਤੌਰ ‘ਤੇ ਖੁਦ ਜਾਣਕਾਰੀ ਰੱਖਣੀ ਬਹੁਤ ਜ਼ਰੂਰੀ ਹੈ।
ਇਸੇ ਉਦੇਸ਼ ਨਾਲ 29 ਨਵੰਬਰ ਤੋਂ 5 ਦਸੰਬਰ ਤੱਕ ਹਫਤਾ ਭਰ ਅੱਖਰਕਾਰੀ ਮੁਹਿੰਮ ਤਹਿਤ ਜਿਲ੍ਹੇ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਮਾਹਿਰਾਂ ਵੱਲੋਂ ਆਨ-ਲਾਈਨ ਸਿਖਲਾਈ ਦਿੱਤੀ ਗਈ। ਇਸ ਤਹਿਤ ਅੱਖਰ ਬਣਤਰ, ਸਿੱਧੀ ਲਾਈਨ ਵਿੱਚ ਲਿਖਣਾ, ਕੋਣਾਂ ਦੀ ਜਾਣਕਾਰੀ, ਲਾਈਨ ਦੀ ਵਿੱਥ ਆਦਿ ਬਾਰੇ ਬਾਖੂਬੀ ਜਾਣਕਾਰੀ ਦਿੱਤੀ ਗਈ। ਸਿਖਲਾਈ ਦੌਰਾਨ ਪੰਜਾਬੀ ਦੇ 35 ਅੱਖਰਾਂ ਨੂੰ 9 ਵਰਗਾਂ ਵਿੱਚ ਵੰਡ ਕੇ ਲਿਖਣ ਦਾ ਅਭਿਆਸ ਕਰਵਾਇਆ ਗਿਆ। ਜਿਸ ਨਾਲ ਇੱਕ ਅੱਖਰ ਨੂੰ ਬਾਖੂਬੀ ਸਮਝ ਜਾਣ ‘ਤੇ ਉਸ ਨਾਲ ਰਲਦੇ-ਮਿਲਦੇ ਬਾਕੀ ਅੱਖਰਾਂ ਨੂੰ ਵੀ ਅਸਾਨੀ ਨਾਲ ਸੋਹਣਾ ਅਤੇ ਸਪੱਸ਼ਟ ਲਿਖਿਆ ਜਾ ਸਕਦਾ ਹੈ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਅਧਿਆਪਕ ਆਪਣੀ ਲਿਖਾਈ ਨੂੰ ਹੋਰ ਵੀ ਸੋਹਣਾ ਬਨਾਉਣ ਲਈ ਯਤਨਸ਼ੀਲ ਹਨ। ਉਹਨਾਂ ਸਮੂਹ ਅਧਿਆਪਕਾਂ ਨੂੰ ਇਸ ਸਿਖਲਾਈ ਵਰਕਸ਼ਾਪ ਵਿੱਚ ਹਿੱਸਾ ਲੈਣ ਤੋਂ ਬਾਅਦ ਹੋਰ ਜਿਆਦਾ ਅਭਿਆਸ ਕਰਨ ਲਈ ਵੀ ਉਤਸ਼ਾਹਿਤ ਕੀਤਾ।
ਸ੍ਰ ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ, ਈਟੀਟੀ ਅਧਿਆਪਕ ਅਤੇ ਸਿੱਖਿਆ ਵਲੰਟੀਅਰਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਸਿਖਲਾਈ ਦਿੱਤੀ ਗਈ ਹੈ। ਸ੍ਰੀਮਤੀ ਰੁਪਿੰਦਰਜੀਤ ਕੌਰ ਈਟੀਟੀ ਅਧਿਆਪਕਾ ਸਮੇਤ ਬਹੁਤ ਸਾਰੇ ਅਧਿਆਪਕਾਂ ਨੇ ਕਿਹਾ ਕਿ ਅੱਖਰਕਾਰੀ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਰਿਸ਼ਤਾ ਹੋਰ ਗੂੜ੍ਹਾ ਹੋਵੇਗਾ ਕਿਉਂਕਿ ਜਿਹੜਾ ਵੀ ਅਧਿਆਪਕ ਆਪਣੇ ਵਿਦਿਆਰਥੀ ਨੂੰ ਸੁੰਦਰ ਲਿਖਣਾ ਸਿਖਾਉਂਦਾ ਹੈ ਤਾਂ ਉਹ ਵਿਦਿਆਰਥੀ ਤਾਂ ਹਮੇਸ਼ਾ ਆਪਣੇ ਸਤਿਕਾਰਤ ਅਧਿਆਪਕ ਨੂੰ ਯਾਦ ਰੱਖਦਾ ਹੀ ਹੈ ਅਤੇ ਉਸਦੀ ਸੁੰਦਰ ਲਿਖਤ ਨੂੰ ਦੇਖ ਕੇ ਅਧਿਆਪਕ ਦਾ ਨਾਮ ਜ਼ਰੂਰ ਪੁੱਛਿਆ ਜਾਂਦਾ ਹੈ।
ਇਸ ਲਈ ਉਹਨਾਂ ਦੇ ਸਕੂਲ ਦੇ ਸਮੂਹ ਅਧਿਆਪਕ ਇਸ ਅੱਖਰਕਾਰੀ ਮੁਹਿੰਮ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਨ ਅਤੇ ਸਿੱਖਿਆ ਵਿਭਾਗ ਦੇ ਉਪਰਾਲੇ ਲਈ ਵਧਾਈ ਵੀ ਦਿੰਦੇ ਹਨ।ਵਿਭਾਗ ਦੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂਂ ਨੇ ਕਿਹਾ ਕਿ ਵਿਭਾਗ ਵੱਲੋਂ ਵਿਦਿਆਰਥੀਆਂਂ ਦੀ ਸੁੰਦਰ ਲਿਖਾਈ ਲਈ ਕੀਤਾ ਉਪਰਾਲਾ ਬਹੁਤ ਲਾਹੇਵੰਦ ਸਿੱਧ ਹੋਵੇਗਾ।ਉਹਨਾਂ ਕਿਹਾ ਕਿ ਵਰਕਸ਼ਾਪ ਦੀ ਸੰਪੰਨਤਾ ਉਪਰੰਤ ਵੀ ਅਧਿਆਪਕ ਅੱਖਰਕਾਰੀ ਬਾਬਤ ਮਾਹਿਰ ਰਿਸੋਰਸ ਪਰਸਨਾਂ ਨਾਲ ਜਦੋਂ ਮਰਜੀ ਸੰਪਰਕ ਕਰ ਸਕਦੇ ਹਨ।