ਨਾਅਰਿਆਂ ਦੀ ਗੂੰਜ ਦੌਰਾਨ ਹਜਾਰਾਂ ਕਿਸਾਨਾਂ ਨੇ ਮੱਲੀਆਂ ਸਰਹੱਦਾਂ

Advertisement
Spread information

ਅਸ਼ੋਕ ਵਰਮਾ  ਬਠਿੰਡਾ,26 ਨਵੰਬਰ2020:

       ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਹਜਾਰਾਂ ਕਿਸਾਨਾਂ ਮਜਦੂਰਾਂ,ਕਿਰਤੀਆਂ ਅਤੇ ਵੱਖ ਵੱਖ ਵਰਗਾਂ ਨੇ ਦਿੱਲੀ ਵੱਲ ਕੂਚ ਕਰਦਿਆਂ ਹਰਿਆਣਾ ਦੀਆਂ ਸਰਹੱਦਾਂ ਤੇ ਡੇਰੇ ਲਾ ਲਏ ਹਨ ਕਿਉਂਕਿ ਪੁਲਿਸ ਨੇ ਇਹਨਾਂ ਨੂੰ ਇੱਕ ਵਾਰ ਅੱਗੇ ਵਧਣ ਤੋਂ ਰੋਕ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਹੀ  ਪੰਜਾਬ ਦੀਆਂ ਸੜਕਾਂ ਤੇ ਦਿਨ ਭਰ ਅਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ਪੈਂਦੀ ਰਹੀ। ਮਾਲਵੇ ਦੇ ਵੱਖ ਵੱਖ ਜਿਲਿਆਂ ਤੋਂ ਹਾਸਲ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਆਪਣੀ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਇਸ ਦੀ ਮਿਸਾਲ ਠੰਢੇ ਮੌਸਮ ਦੌਰਾਨ ਸੱਪਾਂ ਦੀ ਸਿਰੀਆਂ ਵਾਲੀ ਧਰਤੀ ਤੇ ਬੁਲੰਦ ਹੌਂਸਲੇ ਨਾਲ ਡਟੇ ਹੋਏ ਸੰਘਰਸ਼ੀ ਲੋਕਾਂ ਤੋਂ ਮਿਲਦੀ ਹੈ। ਟਰੈਕਟਰ ਟਰਾਲੀਆਂ ’ਚ ਲੰਗਰ ਲਈ ਆਟਾ,ਰਾਸ਼ਨ, ਸਿਲੰਡਰ,ਦਾਲਾਂ,ਘਿਓ,ਤੇਲ ਅਤੇ ਹੋਰ ਕੱਚੇ ਸਮਾਨ ਨਾਲ ਭਰੀਆਂ ਟਰਾਲੀਆਂ ਕਿਸਾਨਾਂ ਦੇ ਜੋਸ਼ ਦੀਆਂ ਗਵਾਹ ਹਨ। ਕਿਸਾਨ ਧਿਰਾਂ ਨੂੰ ਜਾਪਦਾ ਹੈ ਕਿ ਮੋਰਚਾ ਲੰਮਾ ਚੱਲ ਸਕਦਾ ਹੈ ਜਿਸ ਲਈ ਇਹ ਤਿਆਰੀਆਂ ਕੀਤੀਆਂ ਗਈਆਂ ਹਨ। ਇਹਨਾਂ ਮੋਰਚਿਆਂ ਵਿੱਚ ਰੰਗਕਰਮੀਆਂ, ਢਾਡੀ ਜੱਥਿਆਂ ਤੇ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਉਂਦਿਆਂ ਸਰਹੱਦਾਂ ‘ਤੇ ਜੁੜੇ ਕਾਫਲਿਆਂ ਦੇ ਜੋਸ਼ ਨੂੰ ਦੂਣ ਸਿਵਾਇਆ ਕਰ ਦਿੱਤਾ। ਕਈ ਜੱਥਿਆਂ ਨਾਲ ਨੌਜਵਾਨਾਂ ਨੇ ਢੋਲਾਂ ਦੀ ਥਾਪ ਤੇ ਵੱਖਰਾ ਹੀ ਰੰਗ ਬੰਨਿਆ ਹੋਇਆ ਹੈ ਜੋ ਸੰਘਰਸ਼ੀ ਆਗੂਆਂ ਨੂੰ ਚੜਦੀ ਕਲਾ ਬਖਸ਼ ਰਿਹਾ ਹੈ।
ਵੱਡੀ ਗੱਲ ਹੈ ਕਿ ਕਾਫਲਿਆਂ ’ਚ ਅਜਿਹਾ ਜੋਸ਼ ਪਹਿਲੀ ਵਾਰ ਦੇਖਿਆ ਗਿਆ ਹੈ। ਕਿਸਾਨ ‘ਬੋਲੇ ਸੋ ਨਿਹਾਲ,ਸਤ ਸ੍ਰੀ ਅਕਾਲ’ ਦੇ ਜੈਕਾਰੇ ਇਸ ਤਰਾਂ ਲਾ ਰਹੇ ਹਨ ਜਿਵੇਂ ਜੰਗ ਦੇ ਮੈਦਾਨ ’ਚ ਜਾ ਰਹੇ ਹੋਣ। ਕਿਸਾਨ ,ਮਜਦੂਰ ਅਤੇ ਹੋਰ ਕਿਰਤੀ ਵਰਗ ਧਾਰਮਿਕ ਅਤੇ ਸਿਆਸੀ ਵੰਡੀਆਂ ਨੂੰ ਪਾਸੇ ਛੱਡਕੇ ਮੋਦੀ ਸਰਕਾਰ ਖਿਲਾਫ ਜੂਝਣ ਤੁਰ ਪਏ ਹਨ। ਨਵੇਂ ਖੇਤੀ ਕਾਨੂੰਨਾਂ ਨੇ ਪਿੰਡਾਂ ਦੀਆਂ ਔਰਤਾਂ ਅਤੇ ਬੱਚਿਆਂ  ਦੇ ਨਾਲ ਨਾਲ ਹਰ ਕਿਸੇ ਨੂੰ ਹਲੂਣ ਦਿੱਤਾ ਹੈ। ਵੱਡੀ ਗੱਲ ਹੈ ਕਿ ਇਸ ਸੰਘਰਸ਼ ’ਚ ਪਹਿਲੀ ਵਾਰ ਨਿੱਤਰੇ ਬਹੁਤੇ ਪਰਿਵਾਰਾਂ ਦੇ ਰੋਹ ਨੇ ਊਬਾਲਾ ਮਾਰਿਆ ਹੈ ਜਿਸ ਨੇ ਪੁਲਿਸ ਦੇ ਫਿਕਰ ਵਧਾ ਦਿੱਤੇ ਹਨ।
ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਨੇ  ਮੋਦੀ ਹਕੂਮਤ ਦੇ ਹੁਕਮਾਂ ‘ਤੇ ਹਰਿਆਣਾ ਸਰਕਾਰ ਤੇ ਪੁਲਿਸ ਵੱਲੋਂ ਭਾਰੀ ਨਾਕੇਬੰਦੀ ਕਰਕੇ ਰੋਕਣ ਨੂੰ ਬੁਜਦਿਲਾਂ ਵਾਲੀ ਕਾਰਵਾਈ ਕਰਾਰ ਦਿੱਤਾ। ਉਹਨਾਂ ਆਖਿਆ ਕਿ ਹਕੂਮਤ ਦਾ ਇਹ ਕਦਮ  ਉਸਦੀ ਤਕੜਾਈ ਦੀ ਨਹੀਂ ਸਗੋਂ ਕਮਜੋਰੀ ਦੀ ਨਿਸ਼ਾਨੀ ਹੈ। ਉਹਨਾਂ  ਆਖਿਆ ਕਿ ਖੱਟਰ ਹਕੂਮਤ ਦੀ ਨਾਕੇਬੰਦੀ ਹੱਕੀ ਅਵਾਜ ਨੂੰ ਦਬਾਅ ਨਹੀਂ ਸਕਦੀ। ਉਹਨਾਂ ਐਲਾਨ ਕੀਤਾ ਕਿ ਪੰਜਾਬ ਹਰਿਆਣਾ ਦੀ ਸਰਹੱਦ ‘ਤੇ ਦੋਹਾਂ ਥਾਵਾਂ ਉੱਤੇ ਅੱਜ ਸ਼ੁਰੂ ਹੋਏ ਧਰਨੇ ਇੱਕ ਹਫਤੇ ਤੱਕ ਜਾਰੀ ਰਹਿਣਗੇ । ਜੇਕਰ ਫਿਰ ਵੀ ਕੇਂਦਰ ਨੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ  ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।  

ਕਾਰਪੋਰੇਟਾਂ ਦੀ ਵਫਾਦਾਰ ਸਰਕਾਰ:-ਬਿੰਦੂ
     ਜੱਥੇਬੰਦੀ ਦੀ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਮੋਦੀ ਹਕੂਮਤ ਦੇ ਇਹਨਾਂ ਕਦਮਾਂ ਨੇ ਇਹ ਸਚਾਈ ਜਨਤਾ ਦੇ ਸਾਹਮਣੇ ਨਸ਼ਰ ਕਰ ਦਿੱਤੀ ਹੈ ਕਿ ਉਹ ਕਿਸਾਨਾਂ ਮਜਦੂਰਾਂ ਦੀ ਦੁਸ਼ਮਣ ਅਤੇ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਕੰਪਨੀਆਂ ਦੀ ਵਫਾਦਾਰ ਹੈ। ਉਹਨਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਕਾਨੂੰਨ ਕਿਸਾਨਾਂ ਦੇ ਹਿੱਤਾਂ ਲਈ ਨਹੀਂ ਸਾਮਰਾਜੀ ਕੰਪਨੀਆਂ ਦੇ ਹਿੱਤ  ਪੂਰਨ ਲਈ ਲਿਆਂਦੇ ਗਏ ਹਨ। ਉਹਨਾਂ ਆਖਿਆ ਕਿ ਅਜਾਦੀ ਦੇ ਸੱਤ ਦਹਾਕਿਆਂ ਦੇ ਬਾਵਜੂਦ  ਮੁਲਕ ਸਾਮਰਾਜੀ ਗਲਬੇ ਦੇ ਹੇਠ ਹੈ ਅਤੇ  ਸਾਮਰਾਜੀ ਦੇਸ਼ਾਂ, ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹੁਕਮਾਂ ’ਤੇ ਨੀਤੀਆਂ ਘੜੀਆਂ ਜਾ ਰਹੀਆਂ ਹਨ ਜਿਹਨਾਂ ਨੂੰ ਕਾਨੂੰਨਾਂ ਰਾਹੀਂ ਅਮਲੀ ਰੂਪ ਦਿੱਤਾ ਜਾ ਰਿਹਾ ਹੈ।ਮੋਦੀ ਸਰਕਾਰ ਦੀ ਅੜੀ ਭੰਨਣੀ
        ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਮਨ ਬਣਾ ਲਿਆ ਹੈ ਕਿ ਹੁਣ ਉਹ ਮੋਦੀ ਸਰਕਾਰ ਦੀ ਅੜੀ ਭੰਨ ਕੇ ਹੀ ਮੁੜਨਗੇ। ਉਹਨਾਂ ਆਖਿਆ ਕਿ  ਜਿਸ ਤਰੀਕੇ ਨਾਲ ਕਿਸਾਨ ਕਾਫਲਿਆਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਉਸਨੇ ਸਾਬਤ ਕਰ ਦਿੱਤਾ ਕਿ ਇੱਥੇ ਜਮਹੂਰੀਅਤ ਨਹੀਂ ਸਗੋ ਤਾਨਾਸ਼ਾਹ ਸਰਕਾਰ ਹੈ।  ਉਹਨਾਂ ਆਖਿਆ ਕਿ ਮੋਦੀ ਹਕੂਮਤ ਦੇਸ਼ ਵਾਸੀਆਂ ਨਾਲ ਧ੍ਰੋਹ ਕਮਾਉਂਦਿਆਂ ਖੇਤੀ ਖੇਤਰ ਤੋਂ ਇਲਾਵਾ ਜਲ , ਜੰਗਲ, ਬਿਜਲੀ, ਹਵਾਬਾਜੀ, ਰੇਲਵੇ ਸਮੇਤ ਦੇਸ਼ ਦੇ ਅਮੀਰ ਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਨੂੰ ਪਰੋਸਿਆ ਜਾ ਰਿਹਾ ਹੈ।  

ਕੰਧ ਤੇ ਲਿਖਿਆ ਪੜ੍ਹੇ ਸਰਕਾਰ
    ਇਹਨਾਂ ਇਕੱਠਾਂ ਨੂੰ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਡੀਟੀਐਫ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਟੀਐਸਯੂ ਦੇ ਆਗੂਆਂ ਨੇ ਭਰਾਤਰੀ ਹਮਾਇਤ ਵਜੋਂ ਸੰਬੋਧਨ ਕੀਤਾ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਮੁਟਿਆਰਾਂ ਆਪਣੀਆਂ ਮਾਵਾਂ ਨਾਲ ਆਈਆਂ  ਤਾਂ ਬੱਚੇ ਵੀ ਸੰਘਰਸ਼ ’ਚ ਕੁੱਦ ਪਏ ਹਨ।ਉਹਨਾਂ ਕਿਹਾ ਕਿ ਪੰਜਾਬ ਦੇ ਮਜਦੂਰ ਤੇ ਕਿਸਾਨ ਇਕੱਠੇ ਹੋ ਤੁਰੇ ਹਨ  ਜਿਸ ਕਰਕੇ ਹੁਣ ਕੇਂਦਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। 


Advertisement
Advertisement
Advertisement
Advertisement
error: Content is protected !!