ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਅੰਦਰ ਕਮੇਟੀ ਮੈਂਬਰ ਜਤਿੰਦਰ ਜਿੰਮੀ ਨੇ ਲਹਿਰਾਈਆਂ ਬਰਨਾਲਾ ਟੂਡੇ ਦੀਆਂ ਖਬਰਾਂ
ਸਿਵਲ ਸਰਜਨ ਦੁਆਰਾ ਸ਼ਕਾਇਤ ਨੂੰ ਦਫਤਰ ਦਾਖਿਲ ਕਰਨ ਦੇ ਜੁਆਬ ਨੂੰ ਚੇਅਰਮੈਨ ਨੇ ਕੀਤਾ ਖਾਰਿਜ
ਹਰਿੰਦਰ ਨਿੱਕਾ ਬਰਨਾਲਾ 23 ਨਵੰਬਰ 2020
ਲਾਵਾਰਿਸ ਬੱਚਿਆਂ ਦੀ ਸੰਭਾਲ ਲਈ ਜਿਲ੍ਹੇ ਦੇ ਜੱਚਾ-ਬੱਚਾ ਯੂਨਿਟ ਬਰਨਾਲਾ ਦੇ ਗੇਟ ਤੇ ਬਣ ਪੰਘੂੜੇ ‘ਚ ਕਰੀਬ 6 ਮਹੀਨੇ ਪਹਿਲਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਕਥਿਤ ਲਾਪਰਵਾਹੀ ਕਾਰਣ ਮਰਨ ਵਾਲੀ ਬੱਚੀ ਦਾ ਸਿਵਲ ਹਸਪਤਾਲ ਦੀਆਂ ਫਾਇਲਾਂ ‘ਚ ਦੱਬਿਆ ਪਿਆ ਮਾਮਲਾ ਅੱਜ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਖੂਬ ਗੂੰਜਿਆ। ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਨੇ ਐਡਵੋਕੇਟ ਕੁਲਵੰਤ ਰਾਏ ਗੋਇਲ ਵੱਲੋਂ ਦਿੱਤੀ ਸ਼ਕਾਇਤ ਨੂੰ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਕੋਲ ਜੋਰਦਾਰ ਢੰਗ ਨਾਲ ਉਭਾਰਿਆ। ਜਿੰਮੀ ਨੇ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਐਡਵੋਕੇਟ ਕੁਲਵੰਤ ਰਾਏ ਗੋਇਲ ਵੱਲੋਂ ਇਹ ਸ਼ਕਾਇਤ ਦਿੱਤੀ ਗਈ ਸੀ ਕਿ ਪੰਘੂੜੇ ਵਿੱਚ ਰੱਖੀ ਬੱਚੀ ਦੀ ਮੌਤ ਸਧਾਰਣ ਮੌਤ ਨਹੀਂ ਹੈ। ਬਲਕਿ ਉਸ ਸਮੇਂ ਡਿਊਟੀ ਤੇ ਤਾਇਨਾਤ ਸਿਹਤ ਵਿਭਾਗ ਦੇ ਜਿੰਮੇਵਾਰ ਕਰਮਚਾਰੀਆਂ/ਅਧਿਕਾਰੀਆਂ ਦੀ ਲਾਪਰਵਾਹੀ ਨਾਲ ਮਾਸੂਮ ਬੱਚੀ ਦੀ ਮੌਤ ਹੋਈ ਹੈ। ਇਸ ਲਈ ਇਸ ਨੂੰ ਮੌਤ ਨਹੀਂ ਕਤਲ ਦਾ ਮਾਮਲਾ ਸਮਝਿਆ ਜਾਣਾ ਚਾਹੀਦਾ ਹੈ। ਜਿੰਮੀ ਨੇ ਸ਼ਕਾਇਤ ਸਬੰਧੀ ਸਿਵਲ ਸਰਜਨ ਵੱਲੋਂ ਭੇਜੇ ਜੁਆਬ ਵਿੱਚ ਸ਼ਕਾਇਤ ਨੂੰ ਦਾਖਿਲ ਦਫਤਰ ਕਰਨ ਦੀ ਸਿਫਾਰਿਸ਼ ਦੀ ਵੀ ਸਖਤ ਨਿੰਦਿਆ ਕੀਤੀ। ਉਨਾਂ ਪੰਘੂੜੇ ਵਿੱਚ ਹੋਈ ਬੱਚੀ ਦੀ ਮੌਤ ਤੋਂ ਬਾਅਦ ” ਬਰਨਾਲਾ ਟੂਡੇ ” ਵੱਲੋਂ ਲੜੀਵਾਰ ਨਸ਼ਰ ਕੀਤੀਆਂ ਖਬਰਾਂ ਦੀਆਂ ਫੋਟੋ ਕਾਪੀਆਂ ਵੀ ਮੀਟਿੰਗ ਵਿੱਚ ਲਹਿਰਾਉਂਦੇ ਹੋਏ, ਖਬਰਾਂ ਵਿੱਚ ਉਠਾਏ ਸਵਾਲਾਂ ਦੇ ਜੁਆਬ ਮੰਗੇ।
ਮੰਤਰੀ ਸਰਕਾਰੀਆ, ਵਿਧਾਇਕ ਮੀਤ ਹੇਅਰ ਤੇ ਕੇਵਲ ਢਿੱਲੋਂ ਨੇ ਵੀ ਸੰਵੇਦਨਾ ਪ੍ਰਗਟਾਈ
ਜਦੋਂ ਮੀਟਿੰਗ ਵਿੱਚ ਜਤਿੰਦਰ ਜਿੰਮੀ ਨੇ ਪੰਘੂੜੇ ‘ਚ ਦਮ ਤੋੜਨ ਵਾਲੀ ਮਾਸੂਮ ਬੱਚੀ ਦਾ ਮੁੱਦਾ ਉਠਾਇਆ ਤਾਂ ਮੀਟਿੰਗ ਵਿੱਚ ਚੁੱਪ ਪਸਰ ਗਈ, ਹਰ ਮੈਂਬਰ ਨੇ ਪੂਰੇ ਮਾਮਲੇ ਨੂੰ ਗਹੁ ਨਾਲ ਸੁਣਿਆ। ਕਮੇਟੀ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਸਮੇਤ ਹਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ, ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਵਿਧਾਇਕ ਤੇ ਕਾਂਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਆਦਿ ਹੋਰ ਮੈਂਬਰਾਂ ਨੇ ਮਾਸੂਮ ਬੱਚੀ ਦੀ ਮੌਤ ਤੇ ਸੰਵੇਦਨਾ ਪ੍ਰਗਟ ਕੀਤੀ। ਚੇਅਰਮੈਨ ਸਰਕਾਰੀਆ ਨੇ ਤੁਰੰਤ ਹੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਇਸ ਅਤਿ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਰਨ ਦਾ ਹੁਕਮ ਦੇ ਦਿੱਤਾ। ਮੀਟਿੰਗ ਵਿੱਚ ਹਾਜਿਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਗੰਭੀਰ ਮਾਮਲੇ ਨੂੰ ਦਾਖਿਲ ਦਫਤਰ ਕਰਨ ਦੇ ਜੁਆਬ ਸਬੰਧੀ ਫਟਕਾਰ ਵੀ ਲਾਈ।
ਜਿੰਮੀ ਨੇ ਚੇਅਰਮੈਨ ਸਰਕਾਰੀਆ ਦੇ ਜਾਂਚ ਲਈ ਦਿੱਤੇ ਹੁਕਮ ਨੂੰ ਸਰਾਹਿਆ
ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਤਿੰਦਰ ਜਿੰਮੀ ਨੇ ਬਰਨਾਲਾ ਟੂਡੇ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਚੇਅਰਮੈਨ ਸਰਕਾਰੀਆ ਦੁਆਰਾ ਇਸ ਸੰਵੇਦਨਸ਼ੀਲ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਦਿੱਤੇ ਹੁਕਮ ਦੀ ਸਰਾਹਨਾ ਕਰਦੇ ਹਨ। ਉਨਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਡਿਪਟੀ ਕਮਿਸ਼ਨਰ ਸਾਹਿਬ ਬੱਚੀ ਦੀ ਮੌਤ ਲਈ ਜਿੰਮੇਵਾਰ ਸਿਹਤ ਕਰਮਚਾਰੀਆਂ ਨੂੰ ਕਟਿਹਰੇ ਵਿੱਚ ਜਰੂਰ ਖੜ੍ਹਾ ਕਰਨਗੇ। ਤਾਂਕਿ ਅੱਗੇ ਤੋਂ ਕੋਈ ਹੋਰ ਬੱਚੀ ਪੰਘੂੜੇ ਵਿੱਚ ਮੌਤ ਦਾ ਸ਼ਿਕਾਰ ਨਾ ਹੋਵੇ। ਉੱਧਰ ਸ਼ਕਾਇਤਕਰਤਾ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਵੀ ਇਹ ਮੁੱਦਾ ਉਠਾਉਣ ਲਈ ਜਤਿੰਦਰ ਜਿੰਮੀ ਦਾ ਅਤੇ ਜਾਂਚ ਦੇ ਹੁਕਮ ਦੇਣ ਲਈ ਕਮੇਟੀ ਦੇ ਚੇਅਰਮੈਨ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਧੰਨਵਾਦ ਕੀਤਾ।