ਆਵਾਸ ਯੋਜਨਾ ਦੀ ਲਾਭਪਾਤਰੀ ਦਾ ‘ਗ੍ਰਹਿ ਪ੍ਰਵੇਸ਼’ ਕਰਾਇਆ
ਰਘਵੀਰ ਹੈਪੀ ਬਰਨਾਲਾ, 21 ਨਵੰਬਰ 2020
ਜ਼ਿਲ੍ਹਾ ਬਰਨਾਲਾ ਦੇ ਬਲਾਕ ਸ਼ਹਿਣਾ ਅਧੀਨ ਆਉਂਦੇ ਪਿੰਡ ਦਰਾਕਾ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਆਵਾਸ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਕਾਸ ਕੰਮ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਯੋਜਨਾ ਦੀ ਲਾਭਪਾਤਰੀ ਖੁਸ਼ਦੀਪ ਕੌਰ ਦਾ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ। ਆਵਾਸ ਦਿਵਸ ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਸਰਬਜੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਸ੍ਰੀਮਤੀ ਸਰਬਜੀਤ ਕੌਰ ਨੇ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਕੀਮਾਂ ਪਹਿਲ ਦੇ ਆਧਾਰ ’ਤੇ ਘਰ ਘਰ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ’ਤੇ ਜਾਗਰੂਕਤਾ ਪ੍ਰੋਗਰਾਮ ਅਤੇ ਕੈਂਪ ਲਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕੇ ਆਵਾਸ ਯੋਜਨਾ ਅਧੀਨ ਜ਼ਿਲ੍ਹੇ ਵਿੱਚ 54 ਘਰ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 26 ਘਰ ਮੁਕੰਮਲ ਹੋ ਚੁੱਕੇ ਹਨ।ਸਕੀਮ ਦੇ ਕੋਆਰਡੀਨੇਟਰ ਪੁਨੀਤ ਮੈਨਨ ਨੇ ਦੱਸਿਆ ਕਿ ਸੰਯੁਕਤ ਵਿਕਾਸ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਦਿਤਯ ਡੇਚਲਵਾਲ ਦੀ ਅਗਵਾਈ ਹੇਠ ਅੱਜ ਆਵਾਸ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਸਾਲ 2022 ਤੱਕ ਸਮੂਹ ਲੋੜਵੰਦਾਂ ਨੂੰ ਪੱਕੇ ਮਕਾਨ ਮੁਹੱਇਆ ਕਰਵਾਉਣਾ ਹੈ। ਇਸ ਸਕੀਮ ਅਧੀਨ ਜ਼ਿਲ੍ਹੇ ਵਿਚ ਉਪਰਾਲੇ ਲਗਾਤਾਰ ਜਾਰੀ ਹਨ। ਇਸ ਮੌਕੇ ਰਾਜਕਮਲਜੀਤ ਸਿੰਘ, ਭਗਵੰਤ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਸਰਬਜੀਤ ਕੌਰ, ਕੁੰਡਾ ਸਿੰਘ, ਮਨਜੀਤ ਕੌਰ, ਅਮਰਜੀਤ, ਅਮਨ ਸਿੱਧੂ, ਗੁਰਤੇਜ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ।