ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਦਫ਼ਤਰਾਂ ’ਚ ਆਉਣ ਵਾਲੇ ਲੋਕਾਂ ਨੂੰ ਕੋਵਿਡ-19 ਦੀ ਸਾਵਧਾਨੀਆਂ ਬਾਰੇ ਜਾਗਰੂਕ ਕਰਨ-ਡਿਪਟੀ ਕਮਿਸ਼ਨਰ
ਹਰਪ੍ਰੀਤ ਕੌਰ ਸੰਗਰੂਰ, 17 ਨਵੰਬਰ: 2020
ਜ਼ਿਲੇ ਅੰਦਰ ਰਾਜ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਪ੍ਰਗਤੀ ਕੰਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਪ੍ਰਬੰਧਕੀ ਕੰਪਲੈਕਸ਼ ਵਿਖੇ ਮੀਟਿੰਗ ਦੌਰਾਨ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਸਾਲ ਤੋਂ ਪੁਰਾਣੇ ਕੋਰਟ ਕੇਸਾਂ ਨੂੰ ਪਹਿਲਕਦਮੀ ਨਾਲ ਨਜਿੱਠਣ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਅੰਦਰ ਆਉਣ ਵਾਲੇ ਲੋਕਾਂ ਦੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਕਰਨਾ ਯਕੀਨੀ ਬਣਾਇਆ ਜਾਵੇ।
ਸ੍ਰੀ ਰਾਮਵੀਰ ਨੇ ਕਿਹਾ ਕਿ ਜ਼ਿਲੇ ਅੰਦਰ ਮਿਸ਼ਨ ਫਤਿਹ ਤਹਿਤ ਕੋਵਿਡ-19 ਨੂੰ ਧਿਆਨ ’ਚ ਰੱਖਦਿਆਂ ਦਫ਼ਤਰਾਂ ਅੰਦਰ ਆਉਣ ਵਾਲੇ ਲੋਕਾਂ ਨੂੰ ਮਾਸਕ ਪਾਉਣ ਬਾਰੇ ਲਗਾਤਾਰ ਪ੍ਰੇਰਿਤ ਕੀਤਾ ਜਾਵੇ ਅਤੇ ਦਫ਼ਤਰੀ ਸਟਾਫ਼ ਨੂੰ ਸਾਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਕਰਨ ਅਤੇ ਹੱਥਾਂ ਦੀ ਸਫ਼ਾਈ ਵੱਲ ਧਿਆਨ ਦੇਣ ਲਈ ਆਦੇਸ਼ ਜਾਰੀ ਕੀਤੇ ਜਾਣ। ਉਨਾਂ ਕਿਹਾ ਕਿ ਕੋਵਿਡ-19 ਦੀ ਸਥਿਤੀ ਜ਼ਿਲੇ ਅੰਦਰ ਭਾਵੇਂ ਪਹਿਲਾ ਨਾਲੋ ਬਿਹਤਰ ਹੈ, ਪਰ ਫਿਰ ਵੀ ਅਵੇਸਲੇ ਹੋਣ ਦੀ ਲੋੜ ਨਹੀ। ਉਨਾਂ ਕਿਹਾ ਕਿ ਰਾਜ ਸਰਕਾਰ ਦੇ ਅਦਾਰਿਆਂ ’ਚ ਕੰਮ ਕਰਨ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਵੀ ਕੋਰੋਨਾ ਦੀ ਸਾਵਧਾਨੀਆਂ ਦਾ ਪਾਲਣ ਕਰੇ ਅਤੇ ਦੂਜਿਆਂ ਨੂੰ ਜਾਗਰੂਕ ਕਰਨ ਲਈ ਕਾਰਜ਼ਸੀਲ ਰਹੇ।
ਉਨਾਂ ਸਮੂਹ ਐਸ.ਡੀ.ਐਮਜ਼ ਨੂੰ ਨਿੱਜੀ ਤੌਰ ਤੇ ਸਬ ਡਵੀਜ਼ਨ ਪੱਧਰ ’ਤੇ ਹਸਪਤਾਲਾਂ ਦਾ ਦੌਰਾ ਕਰਕੇ ਜਾਇਜ਼ਾ ਲੈਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ 10 ਤੋਂ 15 ਵਿਅਕਤੀਆਂ ਦੀ ਇੱਕਤਰਤਾ ਵਾਲੀ ਥਾਂ ’ਤੇ ਪਹੁੰਚ ਕਰਕੇ ਕੋਵਿਡ ਦੀ ਸਾਵਧਾਨੀਆਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾਵੇ, ਤਾਂ ਜੋ ਇਸਦੇ ਦੂਜੀ ਲਹਿਰ ਦੇ ਫੈਲਾਅ ਨੂੰ ਪਹਿਲਾ ਤੋਂ ਕੰਟਰੋਲ ਕਰਕੇ ਮਿਸ਼ਨ ਫਤਿਹ ਨੂੰ ਸਫ਼ਲ ਬਣਾਇਆ ਜਾ ਸਕੇ।
ਇਸ ਤੌਂ ਬਾਅਦ ਸ੍ਰੀ ਰਾਮਵੀਰ ਨੇ ਜ਼ਿਲਾ ਵਿਕਾਸ ਅਤੇ ਪੰਚਾਇਤ ਵਿਭਾਗ, ਜ਼ਿਲਾ ਸਾਮਾਜਿਕ ਸੁਰੱਖਿਆ ਦਫ਼ਤਰ, ਜ਼ਿਲਾ ਵਣ ਮੰਡਲ ਅਫ਼ਸਰ, ਖੇਤੀਬਾੜੀ ਵਿਭਾਗ, ਜ਼ਿਲਾ ਖਜ਼ਾਨਾ ਅਫ਼ਸਰ, ਬਾਗਬਾਨੀ ਵਿਭਾਗ, ਸਿਹਤ ਵਿਭਾਗ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਕਰਕੇ ਵਿਭਾਗੀ ਪ੍ਰਗਤੀ ਅਤੇ ਚਲ ਰਹੇ ਕਾਰਜ਼ਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸੰਗਰੂਰ ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮ. ਸੁਨਾਮ ਮਨਜੀਤ ਕੌਰ, ਐਸ.ਡੀ.ਐਮ ਮਲੇਰਕੋਟਲਾ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਭਵਾਨੀਗੜ ਡਾ. ਕਰਮਜੀਤ ਸਿੰਘ, ਐਸ.ਡੀ.ਐਮ ਧੂਰੀ ਲਤੀਫ ਅਹਿਮਦ, ਐਸ.ਡੀ.ਐਮ. ਦਿੜ੍ਰਬਾ ਸਿਮਰਪ੍ਰੀਤ ਕੌਰ, ਐਸ.ਡੀ.ਐਮ. ਲਹਿਰਾਗਾਗਾ ਜੀਵਨਜੋਤ ਕੌਰ, ਡੀ.ਆਰ.ਓ ਗਗਨਜੀਤ ਸਿੰਘ ਵੀ ਹਾਜ਼ਰ ਸਨ।