ਹਰਪ੍ਰੀਤ ਕੌਰ ਸੰਗਰੂਰ, 13 ਨਵੰਬਰ: 2020
ਜਿਲਾ ਸੰਗਰੂਰ ਵਿੱਚ ਸ਼ੋਰ ਸ਼ਰਾਬਾ ਅਤੇ ਪ੍ਰਦੂਸ਼ਣ ਦੇ ਫਲਸਰੂਪ ਆਮ ਲੋਕਾਂ ਦੀ ਮਾਨਸਿਕਤਾ ਅਤੇ ਬੱਚਿਆਂ ਦੀ ਸਿਹਤ ’ਤੇ ਪੈਂਦੇ ਭੈੜੇ ਅਸਰ ਤੋਂ ਇਲਾਵਾ ਅਣ-ਅਧਿਕਾਰਤ ਤੌਰ ’ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ ਕਾਰਨ ਉਤਪੰਨ ਹੋਣ ਵਾਲੀ ਸੰਭਾਵੀ ਕਾਨੂੰਨੀ ਵਿਵਸਥਾ ਨੂੰ ਧਿਆਨ ਵਿੱਚ ਰਖਦਿਆਂ ਵਧੀਕ ਜਿਲਾ ਮੈਜਿਸਟਰੇਟ ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974) ਦੇ ਐਕਟ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਾਬੰਦੀ ਹੁਕਮ ਲਾਗੂ ਕੀਤੇ ਹਨ। ਇਹ ਹੁਕਮ 14 ਜਨਵਰੀ 2021 ਤੱਕ ਲਾਗੂ ਰਹਿਣਗੇ।
ਸੰਗਰੂਰ ਜ਼ਿਲੇ ਵਿੱਚ ਲਾਊਡ ਸਪੀਕਰਾਂ ਦੀ ਵਰਤੋਂ, ਆਰਕੈਸਟਰਾ ਅਤੇ ਦੂਜੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਸਬੰਧੀ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਮੈਰਿਜ ਪੈਲਸਾਂ ਅਤੇ ਹੋਰ ਥਾਂਵਾਂ ’ਤੇ ਜਿਥੇ ਸ਼ਾਦੀ ਆਦਿ ਹੁੰਦੀ ਹੈ, ਦੇਰ ਰਾਤ ਤੱਕ ਆਰਕੈਸਟਰਾ ਅਤੇ ਹੋਰ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਆਮ ਜਨਤਾ ਵੱਲੋਂ ਵੀ ਧਾਰਮਿਕ ਤੇ ਦੂਜੇ ਸਥਾਨਾਂ ’ਤੇ ਖੁੱਲੇ ਤੌਰ ’ਤੇ ਕੀਤੀ ਜਾਂਦੀ ਹੈ ਜਿਸ ਕਾਰਨ ਬਿਰਧ ਬਿਮਾਰ ਵਿਅਕਤੀਆਂ ਅਤੇ ਪੜਨ ਵਾਲੇ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼ 2000 ਵਿੱਚ ਦਰਜ ਉਪਬੰਧਾਂ ਦੇ ਅਨੁਸਾਰ ਸਮਰੱਥ ਅਧਿਕਾਰੀ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਪ੍ਰੈਸ਼ਰ ਹਾਰਨ ਆਦਿ ਦੀ ਵਰਤੋਂ ਨਹੀਂ ਕਰੇਗਾ, ਜਿਸ ਦੀ ਆਵਾਜ਼ ਉਸਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ ਪਰ ਇਹ ਹੁਕਮ ਉਨਾਂ ਲਾਊਡ ਸਪੀਕਰਾਂ ’ਤੇ ਲਾਗੂ ਨਹੀਂ ਹੋਵੇਗਾ ਜਿਨਾਂ ਦੀ ਵਰਤੋਂ ਸਰਕਾਰੀ ਮੰਤਵ ਲਈ ਕੀਤੀ ਜਾਂਦੀ ਹੈ। ਆਰਕੈਸਟਰਾ, ਬੈਂਡ, ਡੀ.ਜੇ ਸਿਸਟਮ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਮੈਰਿਜ ਪੈਲਸ ਅਤੇ ਧਾਰਮਿਕ ਥਾਵਾਂ ’ਤੇ ਵਜਾਉਣ ਦੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੂਰੀ ਪਾਬੰਦੀ ਰਹੇਗੀ। ਬਰਾਤ, ਜਿਸ ਵਿੱਚ ਐਂਪਲੀਫਾਇਰ ਦੀ ਵਰਤੋਂ ਕੀਤੀ ਜਾਵੇਗੀ, ਉਸ ’ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੂਰੀ ਪਾਬੰਦੀ ਹੋਵੇਗੀ। ਵਿਆਹ ਵਾਲੇ ਘਰਾਂ ਵਿੱਚ ਲਾਊਡ ਸਪੀਕਰਾਂ ਦੀ ਆਵਾਜ਼ ਵਿਆਹ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਮੈਰਿਜ ਪੈਲਸਾਂ ਵਿੱਚ ਲਾਊਡ ਸਪੀਕਰਾਂ ਦੀ ਆਵਾਜ਼ ਮੈਰਿਜ ਪੈਲਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਹੁਕਮਾਂ ’ਚ ਕਿਹਾ ਗਿਆ ਹੈ ਕਿ ਜੇਕਰ ਇਸ ਦੀ ਉਲੰਘਣਾ ਹੋਵੇਗੀ ਤਾਂ ਸਬੰਧਤ ਆਰਕੈਸਟਰਾ, ਡੀ.ਜੇ ਅਤੇ ਮੈਰਿਜ ਪੈਲੇਸ ਆਦਿ ਦੇ ਮਾਲਕ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਆਰਕੈਸਟਰਾ ਆਦਿ ’ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪਾਬੰਦੀ ਰਹੇਗੀ।