ਏ.ਐਸ.ਆਈ. ਪਵਨ ਕੁਮਾਰ ਨੇ ਵੀ ਦਿੱਤੀ ਜਮਾਨਤ ਦੀ ਅਰਜੀ, 4 ਅਗਸਤ ਨੂੰ ਹੋਊ ਸੁਣਵਾਈ
ਅਦਾਲਤ ਵੱਲੋਂ ਪੁਲਿਸ ਨੂੰ ਰਿਕਾਰਡ ਪੇਸ਼ ਕਰਨ ਲਈ ਨੋਟਿਸ ਜਾਰੀ
ਹਰਿੰਦਰ ਨਿੱਕਾ ਬਰਨਾਲਾ 29 ਜੁਲਾਈ 2020
ਦੋਸ਼ੀਆਂ ਨੂੰ ਰਿਆਇਤ ਪਹੁੰਚਾਉਣ ਦੀ ਨੀਯਤ ਨਾਲ 3 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਦੋਸ਼ਾਂ ਚ, ਘਿਰੇ ਥਾਣਾ ਸਿਟੀ 1 ਬਰਨਾਲਾ ਦੇ ਤਤਕਾਲੀ ਐਸ.ਐਚ. ੳ. ਸਬ ਇੰਸਪੈਕਟਰ ਬਲਜੀਤ ਸਿੰਘ ਦੀ ਐਂਟੀਸਪੇਟਰੀ ਜਮਾਨਤ ਦੀ ਅਰਜੀ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਨੇ ਨਾ ਮਨਜੂਰ ਕਰ ਦਿੱਤੀ। ਇਸੇ ਕੇਸ ਚ, ਕਈ ਦਿਨ ਤੋਂ ਜੇਲ੍ਹ ਬੰਦ ਏ.ਐਸਆਈ. ਪਵਨ ਕੁਮਾਰ ਨੇ ਵੀ ਰੈਗੂਲਰ ਜਮਾਨਤ ਲਈ ਅਰਜੀ ਦਾਇਰ ਕਰ ਦਿੱਤੀ ਹੈ। ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ ਵੀਡੀਉ ਕਾਨਫਰੰਸ ਜਰੀਏ ਸਬ ਇੰਸਪੈਕਟਰ ਬਲਜੀਤ ਸਿੰਘ ਦੀ ਜਮਾਨਤ ਤੇ ਸੁਣਵਾਈ ਕੀਤੀ। ਨਾਮਜ਼ਦ ਦੋਸ਼ੀ ਦੇ ਵਕੀਲ ਨੇ ਬਹਿਸ ਚ, ਹਿੱਸਾ ਲੈਂਦਿਆਂ ਕਿਹਾ ਕਿ ਬਲਜੀਤ ਸਿੰਘ ਥਾਣਾ ਸਿਟੀ 1 ਦਾ ਐਸਐਚਉ ਜਰੂਰ ਸੀ, ਪਰੰਤੂ ਐਫਆਈਆਰ ਨੰਬਰ 314 ਦਾ ਆਈ.ੳ. , ਏ.ਐਸਆਈ ਪਵਨ ਕੁਮਾਰ ਸੀ। ਐਸਐਚੳ ਨੇ ਉਕਤ ਕੇਸ ਦੀ ਪੀੜਤ ਮਨਦੀਪ ਕੌਰ ਦੇ ਬਿਆਨ ਵੀ ਜੁਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਚ, ਦਰਜ਼ ਨਹੀਂ ਕਰਵਾਏ। ਐਸਆਈ ਬਲਜੀਤ ਸਿੰਘ ਬਿਲਕੁਲ ਨਿਰਦੋਸ਼ ਹੈ।
ਸਰਕਾਰੀ ਵਕੀਲ ਨੇ ਕਿਹਾ ਹਿਰਾਸਤੀ ਪੁੱਛਗਿੱਛ ਜਰੂਰੀ
ਅਦਾਲਤ ਚ, ਪ੍ਰੌਸੀਕਿਊਸ਼ਨ ਧਿਰ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਅਸੀਮ ਗੋਇਲ ਨੇ ਕਿਹਾ ਕਿ ਕੇਸ ਚ, ਨਾਮਜ਼ਦ ਦੋਸ਼ੀ ਬਲਜੀਤ ਸਿੰਘ ਉੱਪਰ ਦੋਸ਼ੀ ਧਿਰ ਨੂੰ ਰਿਸ਼ਵਤ ਲੈ ਕੇ ਫਾਇਦਾ ਪਹੁੰਚਾਉਣ ਦਾ ਗੰਭੀਰ ਇਲਜ਼ਾਮ ਹੈ। ਭਾਂਵੇ ਉਹ ਖੁਦ ਨਾ ਕੇਸ ਦਾ ਤਫਤੀਸ਼ ਅਧਿਕਾਰੀ ਸੀ ਅਤੇ ਨਾ ਹੀ ਉਸ ਨੇ ਜੁਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਚ, ਪੀੜਤ ਮਨਦੀਪ ਕੌਰ ਦੇ ਬਿਆਨ ਕਲਮਬੰਦ ਕਰਵਾਏ। ਪਰੰਤੂ ਉਹ ਸਟੇਸ਼ਨ ਹਾਉਸ ਅਫਸਰ ਦੇ ਤੌਰ ਤੇ ਸੁਪਰਵੀਜ਼ਨ ਅਫਸਰ ਜਰੂਰ ਸੀ। ਇਸ ਲਈ ਉਸ ਦੀ ਹਿਰਾਸਤੀ ਪੁੱਛਗਿੱਛ ਬੇਹੱਦ ਜਰੂਰੀ ਹੈ। ਬਚਾਉ ਪੱਖ ਅਤੇ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬਲਜੀਤ ਸਿੰਘ ਦੀ ਐਂਟੀਸਪੇਟਰੀ ਜਮਾਨਤ ਅਰਜੀ ਰੱਦ ਕਰ ਦਿੱਤੀ।
ਅਦਾਲਤ ਨੇ ਕੀਤੀ ਗੰਭੀਰ ਟਿੱਪਣੀ
ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਦਿੱਤੇ ਹੁਕਮ ਚ, ਕਿਹਾ ਪੁਲਿਸ, ਪ੍ਰੌਸੀਕਿਊਸ਼ਨ ਤੇ ਨਿਆਂਇਕ ਪ੍ਰਣਾਲੀ ਇਨਸਾਫ ਦੇ ਤਿੰਨ ਅਹਿਮ ਥੰਮ ਹਨ। ਜੇਕਰ ਇਹ ਤਿੰਨਾਂ ਚੋਂ ਕੋਈ ਵੀ ਇੱਕ ਚੰਗੇ ਢੰਗ ਨਾਲ ਡਿਊਟੀ ਨਹੀਂ ਨਿਭਾਏਗਾ ਤਾਂ ਫਿਰ ਇਨਸਾਫ ਕਿਵੇਂ ਮਿਲ ਸਕੇਗਾ।
4 ਅਗਸਤ ਨੂੰ ਹੋਵੇਗੀ ਏ.ਐਸ.ਆਈ. ਪਵਨ ਕੁਮਾਰ ਦੀ ਜਮਾਨਤ ਤੇ ਸੁਣਵਾਈ
3 ਲੱਖ ਰੁਪਏ ਦੀ ਰਿਸਵਤ ਲੈਣ ਦੇ ਇਸ ਮਾਮਲੇ ਚ, ਜੇਲ੍ਹ ਬੰਦ ਏ.ਐਸ.ਆਈ. ਪਵਨ ਕੁਮਾਰ ਨੇ ਵੀ ਆਪਣੀ ਰੈਗੂਲਰ ਜਮਾਨਤ ਦੀ ਅਰਜੀ ਦਾਇਰ ਕਰ ਦਿੱਤੀ ਹੈ। ਡਿਊਟੀ ਜੱਜ ਅਰੁਣ ਗੁਪਤਾ ਨੇ ਪੁਲਿਸ ਨੂੰ 4 ਅਗਸਤ ਨੂੰ ਸਬੰਧਿਤ ਕੇਸ ਦਾ ਰਿਕਾਰਡ ਪੇਸ਼ ਕਰਨ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਹੁਣ ਪਵਨ ਕੁਮਾਰ ਦੀ ਜਮਾਨਤ ਅਰਜੀ ਤੇ 4 ਅਗਸਤ ਨੂੰ ਸੁਣਵਾਈ ਹੋਵੇਗੀ। ਵਰਨਣਯੋਗ ਹੈ ਕਿ ਮਨਦੀਪ ਕੌਰ ਦੇ ਭੇਦਭਰੀ ਹਾਲਤ ਚ, ਘਰ ਤੋਂ ਚਲੇ ਜਾਣ ਤੋਂ ਬਾਅਦ ਉਸ ਦੇ ਪਤੀ ਜਗਦੇਵ ਸਿੰਘ ਨੇ ਥਾਣਾ ਸਿਟੀ 1 ਵਿਖੇ ਐਫਆਈਆਰ ਨੰਬਰ 314 ਅਧੀਨ ਜੁਰਮ 346 IPC 16 ਜੂਨ ਨੂੰ ਅਣਪਛਾਤਿਆਂ ਖਿਲਾਫ ਦਰਜ਼ ਕਰਵਾਈ ਸੀ। ਬੱਸ ਅੱਡਾ ਪੁਲਿਸ ਚੌਂਕੀ ਚ, ਤਾਇਨਾਤ ਅਤੇ ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਪਵਨ ਕੁਮਾਰ ਦੀ ਅਗਵਾਈ ਚ, ਪੁਲਿਸ ਪਾਰਟੀ ਮਨਦੀਪ ਕੌਰ ਨੂੰ ਮੋਗਾ ਜਿਲ੍ਹੇ ਦੇ ਪਿੰਡ ਲੰਗੇਆਣਾ ਤੋਂ ਦਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਦੇ ਕਬਜੇ ਚੋਂ ਬਰਾਮਦ ਕਰਵਾ ਲਿਆਈ ਸੀ। ਪਰੰਤੂ ਬਾਅਦ ਚ, ਜਦੋਂ ਤਫਤੀਸ਼ ਅਧਿਕਾਰੀ ਨੇ ਮਨਦੀਪ ਕੌਰ ਨੂੰ ਅਦਾਲਤ ਚ, ਬਿਆਨ ਦੇਣ ਲਈ ਪੇਸ਼ ਕੀਤਾ ਤਾਂ ਉਸ ਨੇ ਆਪਣੇ ਬਿਆਨ ਚ, ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਘਰੋਂ ਚਲੀ ਗਈ ਸੀ। ਇੱਨਾਂ ਬਿਆਨਾਂ ਤੋਂ ਬਾਅਦ ਪੁਲਿਸ ਨੇ ਦਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਛੱਡ ਦਿੱਤਾ ਸੀ। ਪਰੰਤੂ ਬਾਅਦ ਚ,
ਡੀਐਸਪੀ ਟਿਵਾਣਾ ਨੇ ਮੁਖਬਰ ਦੀ ਸੂਚਨਾ ਤੇ ਕੀਤਾ ਸੀ ਰਿਸ਼ਵਤ ਦਾ ਕੇਸ ਦਰਜ਼
ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਤਤਕਾਲੀ ਐਸਐਚਉ ਬਲਜੀਤ ਸਿੰਘ ਅਤੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਪਵਨ ਕੁਮਾਰ ਖਿਲਾਫ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਚ, ਕੇਸ ਦਰਜ਼ ਕਰ ਦਿੱਤਾ ਸੀ। ਪੁਲਿਸ ਨੇ ਨਾਮਜਦ ਦੋਸ਼ੀ ਏ.ਐਸ.ਆਈ. ਪਵਨ ਕੁਮਾਰ ਨੂੰ ਗਿਰਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਕਥਿਤ ਰਿਸ਼ਵਤ ਦੇ 1 ਲੱਖ 5 ਹਜਾਰ ਰੁਪਏ ਵੀ ਬਰਾਮਦ ਕਰ ਲਏ ਸੀ। ਜਦੋਂ ਕਿ S i ਬਲਜੀਤ ਸਿੰਘ ਉਦੋਂ ਤੋਂ ਹੀ ਫਰਾਰ ਹੈ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਦੋਸ਼ੀ ਦੀ ਤਲਾਸ਼ ਜਾਰੀ ਹੈ, ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।