“ਪਟਿਆਲਾ ਪ੍ਰਸ਼ਾਸਨ ਸਖ਼ਤ: ਸੜਕਾਂ ਤੋਂ ਕਬਜ਼ੇ ਹਟਾਉਣ ਦਾ ਫੁਰਮਾਨ ਜ਼ਾਰੀ..!”

Advertisement
Spread information

ਹਰਿੰਦਰ ਨਿੱਕਾ, ਪਟਿਆਲਾ 8 ਜਨਵਰੀ 2026

        ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਏ.ਡੀ.ਸੀ ਸਿਮਰਪ੍ਰੀਤ ਕੌਰ ਨੇ ਜ਼ਿਲ੍ਹਾ ਪਟਿਆਲਾ ਤੇ ਨਗਰ ਨਿਗਮ ਦੀ ਹਦੂਦ ਅੰਦਰ ਸੜਕਾਂ ਦੇ ਕਿਨਾਰਿਆਂ ਅਤੇ ਫੁਟਪਾਥਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। 8 ਮਾਰਚ 2026 ਤੱਕ ਲਾਗੂ ਰਹਿਣ ਵਾਲੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਅੰਦਰ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਬਾਹਰ ਸੜਕਾਂ ‘ਤੇ ਆਪਣੇ ਅਣਅਧਿਕਾਰਤ ਮਸ਼ਹੂਰੀ ਬੋਰਡ ਫਲੈਕਸਾਂ ਤੇ ਸਾਈਨ ਬੋਰਡ ਲਗਾ ਕੇ ਆਵਾਜਾਈ ਵਿੱਚ ਵਿਘਨ ਪਾਇਆ ਜਾ ਰਿਹਾ ਹੈ।

        ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਇਕ ਤਰਫ਼ਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਵਧਾ ਕੇ ਬਾਹਰ ਰੱਖਿਆ ਜਾਂਦਾ ਹੈ, ਫੁਟਪਾਥਾਂ ‘ਤੇ ਰੇਹੜੀਆਂ ਤੇ ਖੋਖੇ, ਫੜੀਆਂ ਲਗਾਈਆਂ ਜਾਂਦੀਆਂ ਅਤੇ ਵਹੀਕਲ ਵੀ ਰਸਤੇ ਵਿੱਚ ਗ਼ਲਤ ਢੰਗ ਨਾਲ ਪਾਰਕ ਕੀਤੇ ਜਾਂਦੇ ਹਨ। ਅਜਿਹਾ ਹੋਣ ਨਾਲ ਰਸਤੇ ਭੀੜੇ ਤੇ ਤੰਗ ਹੋ ਜਾਂਦੇ ਹਨ ਅਤੇ ਆਮ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

      ਏ.ਡੀ.ਸੀ. ਸਿਮਰਪ੍ਰੀਤ ਕੌਰ ਵੱਲੋਂ ਪਾਸ ਹੁਕਮਾਂ ਮੁਤਾਬਕ ਅਜਿਹਾ ਹੋਣ ਨਾਲ ਟ੍ਰੈਫਿਕ ਵਿਵਸਥਾ ਵਿੱਚ ਵਿਘਨ ਪੈਂਦਾ ਹੈ ਤੇ ਘੰਟਿਆਂ ਬੱਧੀ ਜਾਮ ਲੱਗ ਜਾਂਦੇ ਹਨ ਅਤੇ ਇਸ ਕਾਰਨ ਰਾਹਗੀਰਾਂ ਤੇ ਆਮ ਲੋਕਾਂ ਦਰਮਿਆਨ ਆਪਸੀ ਲੜਾਈ ਝਗੜੇ ਦਾ ਮਾਹੌਲ ਬਣ ਜਾਂਦਾ ਹੈ, ਇਹ ਹਾਲਤ ਪੈਦਲ ਚੱਲਣ ਵਾਲਿਆਂ ਲਈ ਦਰਘਟਨਾਗ੍ਰਸਤ ਹੋਣ ਅਤੇ ਹੋਰ ਛੋਟੇ ਜੁਰਮਾਂ ਦੇ ਵਾਧੇ ਲਈ ਅਨਕੂਲ ਹੋ ਜਾਂਦੇ ਹਨ ਅਤੇ ਅਜਿਹੀ ਸਥਿਤੀ ਕਾਰਨ ਜ਼ਿਲ੍ਹੇ ਵਿੱਚ ਅਮਨ ਕਾਨੂੂੰਨ ਦੀ ਸਥਿਤੀ ਵੀ ਵਿਗੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ।

         ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਉਪਰੋਕਤ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਹਨ ਕਿ ਨਗਰ ਨਿਗਮ ਵੱਲੋਂ ਨਿਰਧਾਰਤ ਕੀਤੀਆਂ ਥਾਵਾਂ ਜਾਂ ਵੈਂਡਰ ਹਾਕਿੰਗ ਜੋਨ ਤੋਂ ਇਲਾਵਾ ਨਾਜਾਇਜ਼ ਤੌਰ ‘ਤੇ ਸੜਕਾਂ ਦੇ ਨਾਲ-ਨਾਲ ਫੁਟਪਾਥਾਂ ‘ਤੇ ਅਣ-ਅਧਿਕਾਰਤ ਤੇ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ। ਦੁਕਾਨਦਾਰਾਂ ਵਲੋਂ ਆਪਣੇ ਹੋਰਡਿੰਗ ਤੇ ਸਾਇਨ ਬੋਰਡ ਤੇ ਫਲੈਕਸਾਂ ਅਤੇ ਆਪਣਾ ਸਮਾਨ ਸੜਕਾਂ ‘ਤੇ ਅੱਗੇ ਵਧਾ ਕੇ ਨਾ ਰੱਖਿਆ ਜਾਵੇ। ਵਹੀਕਲ ਤੇ ਸਾਰੇ ਵਾਹਨ ਨਿਰਧਾਰਤ ਕੀਤੇ ਪਾਰਕਿੰਗ ਸਥਾਨਾਂ ‘ਤੇ ਹੀ ਖੜ੍ਹੇ ਕੀਤੇ ਜਾਣ। ਇਹ ਹੁਕਮ ਜ਼ਿਲ੍ਹਾ ਪੁਲਿਸ, ਆਰ.ਟੀ.ਓ. ਤੇ ਨਗਰ ਨਿਗਮ ਵੱਲੋਂ ਆਪਣੇ ਖੇਤਰਾਂ ਵਿੱਚ ਸਖ਼ਤੀ ਨਾਲ ਲਾਗੂ ਕਰਵਾਏ ਜਾਣਗੇ। 

Advertisement
Advertisement
Advertisement
Advertisement
error: Content is protected !!